Gurmukh Hoye Tum Pavo’h- 16-7-25

ਗਉੜੀ ਮਹਲਾ ੯ ॥
ਸਾਧੋ ਗੋਬਿੰਦ ਕੇ ਗੁਨ ਗਾਵਉ ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥ ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥ ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥ ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥ ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥ {ਪੰਨਾ 219}

{ਨੋਟ: ਭਾਗਵਤ ਦੀ ਕਥਾ ਹੈ ਕਿ ਇਕ ਗੰਧਰਬ ਕਿਸੇ ਸ੍ਰਾਪ ਦੇ ਕਾਰਨ ਹਾਥੀ ਬਣ ਗਿਆ। ਨਦੀ ਤੋਂ ਪਾਣੀ ਪੀਣ ਗਏ ਨੂੰ ਪਾਣੀ ਵਿਚੋਂ ਇਕ ਤੰਦੂਏ ਨੇ ਫੜ ਲਿਆ। ਉਸ ਨੇ ਰਾਮ ਨਾਮ ਦਾ ਚੇਤਾ ਕੀਤਾ ਤਾਂ ਉਸ ਦੀ ਖ਼ਲਾਸੀ ਹੋ ਗਈ}।

ਅਰਥ: ਹੇ ਸੰਤ ਜਨੋ! (ਸਦਾ) ਗੋਬਿੰਦ ਦੇ ਗੁਣ ਗਾਂਦੇ ਰਿਹਾ ਕਰੋ। ਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਅਜਾਈਂ ਕਿਉਂ ਗਵਾਂਦੇ ਹੋ?।1। ਰਹਾਉ।

(ਹੇ ਸੰਤ ਜਨੋ!) ਪਰਮਾਤਮਾ ਉਹਨਾਂ ਬੰਦਿਆਂ ਨੂੰ ਭੀ ਪਵਿਤ੍ਰ ਕਰਨ ਵਾਲਾ ਹੈ ਜੇਹੜੇ ਵਿਕਾਰਾਂ ਵਿਚ ਡਿੱਗੇ ਹੋਏ ਹੁੰਦੇ ਹਨ, ਉਹ ਹਰੀ ਗਰੀਬਾਂ ਦਾ ਸਹਾਈ ਹੈ। ਤੁਸੀ ਭੀ ਉਸੇ ਦੀ ਸਰਨ ਪਵੋ। ਜਿਸ ਦਾ ਸਿਮਰਨ ਕਰ ਕੇ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀ ਉਸ ਨੂੰ ਕਿਉਂ ਭੁਲਾ ਰਹੇ ਹੋ?।1।

(ਹੇ ਸੰਤ ਜਨੋ!) ਅਹੰਕਾਰ ਦੂਰ ਕਰ ਕੇ ਅਤੇ ਮਾਇਆ ਦਾ ਮੋਹ ਦੂਰ ਕਰ ਕੇ ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿਚ ਜੋੜੀ ਰੱਖੋ। ਨਾਨਕ ਆਖਦਾ ਹੈ– ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਹੈ, ਪਰ ਗੁਰੂ ਦੀ ਸਰਨ ਪੈ ਕੇ ਹੀ ਤੁਸੀ ਇਹ ਰਸਤਾ ਲੱਭ ਸਕੋਗੇ।2।5।

You may also like these