Mai Mai Man Ka Maan Na Tyagyo- 26-8-25

ਮਾਰੂ ਮਹਲਾ ੯ ॥
ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥ ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥ ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥ ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥ ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥ ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥ {ਪੰਨਾ 1008}

ਅਰਥ: ਹੇ ਮਾਂ! (ਜਦੋਂ ਤੋਂ ਮੈਂ ਗੁਰੂ-ਚਰਨਾਂ ਵਿਚ ਪਿਆਰ ਪਾਇਆ ਹੈ, ਤਦੋਂ ਤੋਂ ਮੈਨੂੰ ਪਛੁਤਾਵਾ ਲੱਗਾ ਹੈ ਕਿ) ਮੈਂ ਆਪਣੇ ਮਨ ਦਾ ਅਹੰਕਾਰ ਨਾਹ ਛੱਡਿਆ। ਮਾਇਆ ਦੇ ਨਸ਼ੇ ਵਿਚ ਮੈਂ ਆਪਣੀ ਉਮਰ ਗੁਜ਼ਾਰ ਦਿੱਤੀ, ਤੇ, ਪਰਮਾਤਮਾ ਦੇ ਭਜਨ ਵਿਚ ਮੈਂ ਨਾਹ ਲੱਗਾ।1। ਰਹਾਉ।

(ਹੇ ਭਾਈ! ਮਨੁੱਖ ਮਾਇਆ ਦੀ ਨੀਂਦ ਵਿਚ ਗ਼ਾਫ਼ਿਲ ਪਿਆ ਰਹਿੰਦਾ ਹੈ) ਜਦੋਂ ਜਮਦੂਤ ਦਾ ਡੰਡਾ (ਇਸ ਦੇ) ਸਿਰ ਉੱਤੇ ਵੱਸਦਾ ਹੈ, ਤਦੋਂ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁੱਤਾ ਹੋਇਆ ਜਾਗਦਾ ਹੈ। ਪਰ ਉਸ ਵੇਲੇ ਦੇ ਪਛੁਤਾਵੇ ਨਾਲ ਕੁਝ ਸੰਵਰਦਾ ਨਹੀਂ, (ਕਿਉਂਕਿ ਉਸ ਵੇਲੇ ਜਮਾਂ ਪਾਸੋਂ) ਭੱਜਿਆਂ ਖ਼ਲਾਸੀ ਨਹੀਂ ਹੋ ਸਕਦੀ।1।

ਹੇ ਭਾਈ! ਜਦੋਂ ਮਨੁੱਖ ਗੁਰੂ ਦੇ ਚਰਨਾਂ ਵਿਚ ਪਿਆਰ ਪਾਂਦਾ ਹੈ, ਤਦੋਂ ਉਸ ਦੇ ਹਿਰਦੇ ਵਿਚ ਇਹ ਫੁਰਨਾ ਉੱਠਦਾ ਹੈ (ਕਿ ਪ੍ਰਭੂ ਦੇ ਭਜਨ ਤੋਂ ਬਿਨਾ ਉਮਰ ਵਿਅਰਥ ਹੀ ਬੀਤਦੀ ਰਹੀ) । ਹੇ ਨਾਨਕ! ਮਨੁੱਖ ਦੀ ਜ਼ਿੰਦਗੀ ਕਾਮਯਾਬ ਤਦੋਂ ਹੀ ਹੁੰਦੀ ਹੈ ਜਦੋਂ (ਇਹ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜਦਾ ਹੈ।2।3।

You may also like these