Beet jehe Beet jehe Janam Akaaj Re – 8-9-25

ਜੈਜਾਵੰਤੀ ਮਹਲਾ ੯ ॥
ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥ ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥ ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥ ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥ {ਪੰਨਾ 1352-1353}

ਅਰਥ: ਹੇ ਭਾਈ! (ਪਰਮਾਤਮਾ ਦੀ ਭਗਤੀ ਤੋਂ ਬਿਨਾ) ਮਨੁੱਖਾ ਜੀਵਨ (ਦਾ ਸਮਾ) ਜਨਮ-ਮਨੋਰਥ ਹਾਸਲ ਕਰਨ ਤੋਂ ਬਿਨਾ ਹੀ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ (ਕਿ ਇਥੇ ਸਦਾ ਨਹੀਂ ਬੈਠ ਰਹਿਣਾ) । ਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਹਿਂਗਾ।1। ਰਹਾਉ।

ਹੇ ਮੂਰਖ! ਹੇ ਬੇ-ਸ਼ਰਮ! ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ। (ਫਿਰ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ?।1।

ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ (ਆਪਣੇ) ਮਨ ਦਾ ਅਹੰਕਾਰ ਛੱਡ ਦੇਹ, ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ। ਇਹੋ ਜਿਹਾ ਸੁਚੱਜਾ ਜੀਵਨ ਜੀਉ।2।4।

You may also like these