Har Ke Naam Bina Dukh Pavey – 18-10-25

ਬਿਲਾਵਲੁ ਮਹਲਾ ੯ ॥
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥ ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥ ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥ {ਪੰਨਾ 830-831}

ਅਰਥ: ਹੇ ਭਾਈ! ਗੁਰੂ (ਜੀਵਨ-ਮਾਰਗ ਦੀ) ਇਹ ਡੂੰਘੀ ਗੱਲ ਦੱਸਦਾ ਹੈ, ਕਿ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖ਼ਤਮ ਨਹੀਂ ਹੁੰਦਾ, ਪਰਮਾਤਮਾ ਦਾ ਨਾਮ (ਸਿਮਰਨ) ਤੋਂ ਬਿਨਾ ਦੁੱਖ ਸਹਾਰਦਾ ਰਹਿੰਦਾ ਹੈ।੧।ਰਹਾਉ।

ਹੇ ਭਾਈ! ਜੇ ਮਨੁੱਖ ਪਰਮਾਤਮਾ ਦੀ ਸਰਨ ਨਹੀਂ ਪੈਂਦਾ, ਤਾਂ ਉਸ ਦੇ ਤੀਰਥ-ਜਾਤ੍ਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫ਼ਾਇਦਾ ਨਹੀਂ। ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੇ ਜੋਗ-ਸਾਧਨ ਅਤੇ ਜੱਗ (ਆਦਿਕ ਕਰਮ ਸਭ) ਵਿਅਰਥ ਹਨ।੧।

ਹੇ ਨਾਨਕ! ਆਖ-ਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ (ਉਹ ਮਨੁੱਖ ਉਸ ਸ਼੍ਰੇਣੀ ਵਿਚੋਂ ਗਿਣਿਆ ਜਾਂਦਾ ਹੈ, ਜੇਹੜੇ ਇਸ ਜ਼ਿੰਦਗੀ ਵਿਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ) ।੨।

You may also like these