Aakhri Padaav (Keeratpur) – 2-12-25

ਆਖਰੀ ਪੜਾ-ਕੀਰਤਪੁਰ

ਪੁਰਾਨੇ ਜ਼ਮਾਨੇ ਵਿਚ ਬਨੂੜ ਅਤੇ ਰੋਪੜ ਕੱਚੀ ਸੜਕ ਉਤੇ ਵਾਕਿਆ ਸਨ। ਕੀਰਤਪੁਰ ਅਤੇ ਅਨੰਦਪੁਰ ਨੂੰ ਰਸਤਾ ਇਥੋਂ ਹੀ ਜਾਂਦਾ ਸੀ। ਜਦੋਂ ਭਾਈ ਜੈਤਾ ਦਰਗਾਹੀ ਸ਼ਾਹ ਦੀ ਕੁਟੀਆ ਤੋਂ ਚਲਿਆ ਤਾਂ ਉਸ ਦੇ ਮਨ ਵਿਚ ਅਥਾਹ ਸੰਤੋਸ਼ ਅਤੇ ਪ੍ਰਸੰਨਤਾ ਸੀ ਕਿ ਗੁਰੂ ਜੀ ਦੀ ਮੇਹਰ ਸਦਕਾ ਉਹ ਅਪਣਾ ਫਰਜ਼ ਪੂਰਾ ਕਰਨ ਵਿਚ ਕਾਮਯਾਬ ਹੋ ਸਕਿਆ ਸੀ। ਗੁਰੂ ਜੀ ਦਾ ਸੀਸ ਆਉਣ ਦੀ ਖ਼ਬਰ ਆਨੰਦਪੁਰ ਪਹਿਲਾਂ ਹੀ ਪਹੁੰਚ ਚੁਕੀ ਸੀ। ਗੁਰੂ ਤੇਗ਼ ਬਹਾਦਰ ਜੀ ਦਾ ਸਾਰਾ ਪ੍ਰਵਾਰ, ਗੁਰੂ ਗੋਬਿੰਦ ਰਾਇ (ਸਿੰਘ), ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਸੀਸ ਦਾ ਸੁਆਗਤ ਕਰਨ ਲਈ ਆਨੰਦਪੁਰ ਤੋਂ ਕੀਰਤਪੁਰ ਪਹੁੰਚ ਚੁਕੇ ਸਨ। ਜਦੋਂ ਭਾਈ ਜੈਤਾ ਸੀਸ ਲੈ ਕੇ ਕੀਰਤਪੁਰ ਪੁੱਜਾ ਤਾਂ ਸਾਰਿਆਂ ਦੇ ਚੇਹਰੇ ਤੇ ਵੈਰਾਗ ਸੀ ਅਤੇ ਅੱਖਾਂ ਨੰਮ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਅਗੇ ਵੱਧ ਕੇ ਆਪਣੇ ਸ਼ਹੀਦ ਪਿਤਾ (ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ) ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੁਆਗਤ ਕੀਤਾ ਅਤੇ ਭਾਈ ਜੈਤਾ ਨੂੰ ਕਲਾਵੇ ਵਿਚ ਲੈ ਕੇ ‘ਗੁਰੂ ਦਾ ਪੁੱਤਰ’ ਹੋਣ ਦਾ ਮਾਨ ਬਖ਼ਸ਼ਿਆ। ਭਾਈ ਜੈਤਾ ਨੂੰ ਗਲਵਕੜੀ ਵਿਚ ਲੈਂਦਿਆਂ ਆਪ ਜੀ ਨੇ ਗੱਦ ਗੱਦ ਹੋ ਕੇ ਫੁਰਮਾਇਆ, ‘ਰੰਗਰੇਟਾ ਗੁਰੂ ਕਾ ਬੇਟਾ’। ਜਿਹੋ ਜਿਹਾ ਸ਼ਾਨਦਾਰ ਕਾਰਨਾਮਾਂ ਕਰਕੇ ਭਾਈ ਜੈਤਾ ਆਇਆ ਸੀ, ਉਹੋ ਜਹੀ ਦਲੇਰੀ ਕੋਈ ਨਿੱਡਰ ਅਤੇ ਸਵੈ-ਅਣਖੀ ‘ਪੁੱਤਰ’ ਹੀ ਕਰ ਸਕਦਾ ਸੀ

ਬਿਬਾਨਗੜ੍ਹ (ਕੀਰਤਪੁਰ) ਤੋਂ ਆਨੰਦਪੁਰ ਸਾਹਿਬ

ਕੀਰਤਪੁਰ ਪਹੁੰਚਣ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਸ ਥਾਂ ਤੇ ਰਖਿਆ ਗਿਆ ਜਿੱਥੇ ਹੁਣ ਗੁਰਦੁਆਰਾ ਬਿਬਾਣਗੜ੍ਹ ਅਤੇ ਦਮਦਮਾ ਸਾਹਿਬ ਸਥਾਪਿਤ ਹਨ। ਇਥੋਂ ਗੁਰੂ ਜੀ ਦੇ ਸੀਸ ਨੂੰ ਇਕ ਸਜੇ ਹੋਏ ਬਿਬਾਨ (ਪਾਲਕੀ) ਵਿਚ ਰੱਖ ਕੇ ਚੱਕ ਨਾਨਕੀ (ਆਨੰਦਪੁਰ ਸਾਹਿਬ) ਵਿਖੇ ਲਿਜਾਇਆ ਗਿਆ। ਗੁਰੂ (ਗੋਬਿੰਦ ਸਿੰਘ) ਦੇ ਤਾਏ ਸੂਰਜ ਮਲ’ ਦਾ ਸਾਰਾ ਪਰਵਾਰ ਵੀ ਨਾਲ ਸੀ। ਸਾਰੇ ਰਸਤੇ ਸੰਗਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਸ਼ਬਦ ਪੜ੍ਹ ਰਹੀਆਂ ਸਨ। ਚੱਕ ਨਾਨਕੀ ਪਹੁੰਚਣ ਤੇ ਉਥੋਂ ਦੀਆਂ ਸੰਗਤਾਂ ਨੇ ਫੁੱਲਾਂ ਨਾਲ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਦਾ ਸੁਆਗਤ ਕੀਤਾ। 

 

You may also like these