Vaisakhi 1469 ton 1699 – Part – 32- 1-5-26

ਵਿਰੋਧੀਆਂ ਨੇ ਬੜੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ ਦਾ ਮਲੀਆ ਮੇਟ ਕੀਤਾ, ਉਪ੍ਰੰਤ ਉਸ ਨੂੰ ਨਵੇਂ ਸਿਰਿਓਂ ਬੜੇ ਵਿਉਂਤਬੰਦ ਤਰੀਕੇ ਨਾਲ ਪੇਸ਼ ਕੀਤਾ ਜਿਸ `ਚੋਂ ਸਿੱਖੀ ਤੇ ਗੁਰਬਾਣੀ ਜੀਵਨ ਹੀ ਗ਼ਾਇਬ ਹੈ। ਜਦੋਂ ਘੋਖਿਆ ਜਾਂਦਾ ਹੈ ਤਾਂ ਇਸ ਲਈ ਵੱਡਾ ਸਬੂਤ ਮਿਲਦਾ ਹੈ-ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਿਨ੍ਹਾਂ `ਚ ਕੁਛ ਇਤਿਹਾਸਕ ਪੱਖ ਵੀ ਦਿੱਤੇ ਹਨ, ਉਥੇ ਉਨ੍ਹਾਂ ਦੇ ਹੀ ਸਮੇਂ `ਤੇ ਹੋਈ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ ਤੀਕ ਨਹੀਂ ਮਿਲਦਾ। ਹੋਰ ਤਾਂ ਹੋਰ, ਉਨ੍ਹਾਂ ਦੀਆਂ ਹੀ ਲਿਖੀਆਂ ਵਾਰਾਂ `ਚ ਉਹ ਵਾਰ ਵੀ ਮੌਜੂਦ ਹੈ ਜਿੱਥੇ ‘ਵਾਹਿਗੁਰੂ’ ਲਫ਼ਜ਼ ਦੇ ਅਜੀਬੋ -ਗ਼ਰੀਬ ਅਰਥ ਕੀਤੇ ਹਨ। ਉਹ ਅਰਥ, ਜਿਹੜੇ ਗੁਰਬਾਣੀ ਨਾਲ ਉੱਕਾ ਮੇਲ ਨਹੀਂ ਖਾਂਦੇ। ਮਿਸਾਲ ਵਜੋਂ ਇਥੇ ਵਾਹਿਗੁਰੂ `ਚ ‘ਰ’ ਦਸ਼ਰਥ ਪੁਤ੍ਰ ਰਾਮ ਲਈ ਤੇ ‘ਹ’ ਜਸੋਦਾ ਪੁਤ੍ਰ ਕ੍ਰਿਸ਼ਨ ਲਈ ‘ਹਰੀਕਿਸ਼ਨ’। ਜਦਕਿ ਕ੍ਰਿਸ਼ਨ ਜੀ ਲਈ ‘ਹਰੀਕਿਸ਼ਨ’ ਉਨ੍ਹਾਂ ਦੀਆਂ ਰਚਨਾਵਾਂ `ਚ ਵੀ ਕਿੱਧਰੇ ਨਹੀਂ ਜਿਹੜੇ ਯਸ਼ੋਦਾ ਪੁਤ੍ਰ ਕ੍ਰਿਸ਼ਨ ਨੂੰ ਭਗਵਾਨ ਕਰਕੇ ਮੰਨਦੇ ਹਨ। ਸਪਸ਼ਟ ਹੈ, ਭਾਈ ਸਾਹਿਬ ਦੀਆਂ ਵਾਰਾਂ ਨਾਲ ਵੀ ਛੇੜਖਾਨੀ ਕੀਤੀ ਹੋਈ ਪ੍ਰਤਖ ਹੈ ਤੇ ਹੋਰ ਵੀ ਬਹੁਤ ਕੁਝ।

ਹੋਰ ਦੇਖੋ ਸਾਡੀ ‘ਸਿਆਣਪ’ ਜਾਂ ਲਾਪਰਵਾਹੀ ਦੀ ਹੱਦ-ਸਚਾਈ ਨੂੰ ਬਿਨਾ ਘੋਖੇ ਅਸੀਂ ਵੀ ਕਿੱਥੋ ਤੀਕ ਚਲੇ ਗਏ। ਇਸੇ ਰਲ-ਗੱਡ ਦਾ ਨਤੀਜਾ, ਅਸਾਂ ਵੱਡੇ ਪੈਮਾਨੇ `ਤੇ ਸੰਸਾਰ ਪੱਧਰ `ਤੇ ਸ਼ਤਾਬਦੀਆਂ ਮਨਾ ਕੇ ਆਪ ਪ੍ਰਚਾਇਆ, ਕਿ ਸਿੱਖ ਧਰਮ ਦਾ ਇਹ ਤਿੰਨ ਸੌ ਸਾਲਾ ‘ਜਨਮ ਦਿਨ’ ਹੈ। ਇਸ ਦੇ ਲਈ ਅਸਾਂ ਭਾਰਤ ਤੇ ਅਮਰੀਕਾ ਵਰਗੀਆਂ ਸਰਕਾਰਾਂ ਕੋਲੋਂ ਡਾਕ ਟਿਕਟ ਵੀ ਚਾਲੂ ਕਰਵਾ ਕੇ ਮਾਨੋ ਪ੍ਰਮਾਣ ਪਤ੍ਰ ਵੀ ਸੰਸਾਰ ਸਾਹਮਣੇ ਰਖ ਦਿੱਤੇ। ਇਸ ਤਰ੍ਹਾਂ ਸਾਬਤ ਕਰ ਦਿੱਤਾ ਕਿ ਸਚਮੁਚ ਵਿਸਾਖੀ 1699 ਨੂੰ ਸਿੱਖ ਦਾ ਜਨਮ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਸਾਡਾ ਕੋਈ ਵਜੂਦ ਹੈ ਹੀ ਨਹੀਂ ਸੀ। ਜਦਕਿ ਗਹਿਰਾਈ `ਚ ਜਾਵੋ ਤਾਂ ਪਤਾ ਲਗਦਾ ਹੈ ਕਿ ਸਿੱਖ ਧਰਮ ਤਾਂ ਹੈ ਹੀ ਆਦਿ ਜੁਗਾਦੀ ਧਰਮ ਜਿਸਨੂੰ ਪਹਿਲੇ ਪਾਤਸ਼ਾਹ ਨੇ ਪ੍ਰਗਟ ਕੀਤਾ ਵਿਸਾਖੀ 1469 ਨੂੰ, ਵੇਖੋ ਗੁਰਮਤਿ ਪਾਠ ਨੰ: 39 । ਇਸੇ ਗ਼ਲਤ ਪ੍ਰਚਾਰ ਦਾ ਸਿੱਟਾ, ਅੱਜ ਸਿੱਖ ਆਪਣੀ ਜਨਮ-ਭੁਮੀ ਪੰਜਾਬ `ਚ ਹੀ ਆਪਣੀ ਹੋਂਦ ਗੁਆ ਰਿਹਾ ਹੈ ਤੇ ਲਗਭਗ 98% ਸਿੱਖ ਬੱਚੇ-ਬੱਚੀਆਂ ਸਰੂਪ ਨੂੰ ਵੀ ਤਿਲਾਂਜਲੀ ਦੇ ਚੁੱਕੇ ਹਨ। ਪੰਜਾਬ, ਜਿਸ ਨੇ ਸੰਸਾਰ ਲਈ ਇੱਕ ਨਮੂਨਾ ਬਣ ਕੇ ਉਭਰਣਾ ਸੀ, ਉਥੇ ਅੱਜ ਸ਼ਰਾਬ ਤੇ ਕੁੱਝ ਸਥਾਨਾਂ `ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸ਼ਰਾਬ ਦੇ ਪ੍ਰਸ਼ਾਦ ਵੀ, ਹਰ ਤਰ੍ਹਾਂ ਦੇ ਨਸ਼ੇ, ਬੱਚੀਆਂ ਦੇ ਜਨਮ ਤੋਂ ਪਹਿਲਾਂ ਹੀ ਭਰੂਣ ਹਤਿਆ ਤੇ ਲਿੰਗ ਭੇਦ, ਡੇਰੇ-ਗੁਰੂ ਡੰਮ, ਮੜ੍ਹੀ-ਕਬਰ ਪੂਜਾ, ਅਸ਼ਲੀਲ ਗੀਤ ਤੇ ਅਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਫ਼ਹਿਸ਼ ਗੀਤਕਾਰਾਂ ਅਤੇ ਪਤਿਤਪੁਣੇ ਦਾ ਹੜ ਆਇਆ ਪਿਆ ਹੈ।

You may also like these