Gurbani Vich Roopak Alankaar – Part-2 – 20-8-26

ਗੁਰਬਾਣੀ `ਚ ਰੂਪਕ ਅਲੰਕਾਰਾਂ ਦੀ ਵਰਤੋਂ

ਵਿਸ਼ੇ ਵਲ ਵੱਧਣ ਤੋਂ ਪਹਿਲਾਂ ਗੁਰਬਾਣੀ ਦੀ ਕਾਵ-ਰਚਨਾ ਵਿਚਲੇ ਰੂਪਕ ਅਲ਼ੰਕਾਰਾਂ ਨੂੰ ਸਮਝਣ ਲਈ ਮੋਟੇ ਤੌਰ `ਤੇ ਗੁਰਬਾਣੀ ਕਥਾ ਲਈ ਹੀ ਘਟੋ ਘਟ ਪੰਜ ਪੱਖਾਂ ਵਲ ਧਿਆਨ ਦੇਣ ਦੀ ਵੀ ਲੋੜ ਹੈ। ਇਹ ਪੱਖ ਹਨ (1)- ਗੁਰਬਾਣੀ ਵਿਚਲਾ ਬਹੁਤ ਸਾਰਾ ਹਿੱਸਾ, ਜਿੱਥੇ ਜੀਵ ਨੂੰ ਮੈਂ-ਮੇਰਾ ਅਤੇ ਕਿਉਂ ਕਿੰਤੂ ਤੋਂ ਉਪਰ ਉਠ ਕੇ ਪ੍ਰਭੂ ਦੇ ਚਰਨਾਂ `ਚ ਅਰਦਾਸ ਕਰਣ ਦਾ ਵਲ ਸਿਖਾਇਆ ਹੈ ਅਤੇ ਜੀਵਨ ਦੀ ਅਜੇਹੀ ਅਵਸਥਾ `ਚ ਪੁੱਜੇ ਲਈ ਹੀ “ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ” (ਪੰ: 819)। (2)– ਬੇਸ਼ਕ ਸੰਪੂਰਣ ਗੁਰਬਾਣੀ ਹੀ ਪ੍ਰਭੂ ਦੀ ਗੁਣ-ਵਾਚਕ ਹੈ ਫ਼ਿਰ ਵੀ ਗੁਰਬਾਣੀ ਦਾ ਵੱਡਾ ਹਿੱਸਾ ਅਜੇਹਾ ਹੈ ਜਿੱਥੇ ਕਰਤਾਰ ਦੇ ਗੁਣਾਂ ਨੂੰ ਹੀ ਬਿਆਨਿਆ ਹੈ। (3)– ਤੀਜਾ ਪੱਖ ਹੈ ਸਿਧਾਂਤ ਵਾਚਕ ਭਾਵ ਜਿਨ੍ਹਾਂ ਰਚਨਾਵਾਂ `ਚ ਨਿਰਾ ਗੁਰਮਤਿ ਸਿਧਾਂਤਾਂ ਨੂੰ ਹੀ ਪ੍ਰਗਟ ਕੀਤਾ ਹੈ। (4)- ਚੌਥਾ ਸਾਡੇ ਜੀਵਨ ਦੇ ਕੁੱਝ ਵਿਸ਼ੇਸ਼ ਰਸ ਹੁੰਦੇ ਹਨ ਜਿਵੇਂ ਆਨੰਦ ਕਾਰਜ ਸਮੇਂ ਮਨੁੱਖੀ ਮਨ ਦੀ ਅਵਸਥਾ ਹੋਰ ਹੁੰਦੀ ਹੈ, ਜਦੋਂ ਕੋਈ ਜੀਵ ਵਿੱਛੜ ਜਾਵੇ ਤਾਂ ਅਵਸਥਾ ਹੋਰ; ਇਸੇ ਤਰ੍ਹਾਂ ਪ੍ਰਵਾਰਕ ਵਾਧਾ ਹੋਵੇ ਤਾਂ ਹੋਰ, ਕੋਈ ਪ੍ਰਾਪਤੀ ਹੋਵੇ ਤਾਂ ਹੋਰ, ਜੇਕਰ ਕੋਈ ਹਾਨੀ-ਨੁਕਸਾਨ-ਘਾਟਾ ਹੋਵੇ ਤਾਂ ਹੋਰ। ਇਹੀ ਕਾਰਨ ਹਨ ਕਿ ਸੰਸਾਰੀ ਮਨੁੱਖ ਦੀ ਮਾਨਸਕ ਅਵਸਥਾ ਸਮੇਂ-ਸਮੇਂ ਨਾਲ ਭਿੰਨ-ਭਿੰਨ ਹੁੰਦੀ ਹੈ। ਉਥੇ ਵੀ ਗੁਰਬਾਣੀ ਦੇ ਮੂਲ ਅਰਥ-ਸਿਧਾਂਤ-ਸੇਧ `ਚ ਬਿਲਕੁਲ ਫ਼ਰਕ ਨਹੀਂ ਆਵੇਗਾ ਫ਼ਿਰ ਵੀ ਗੁਰਬਾਣੀ ਦੇ ਸ਼ਾਬਦਿਕ ਪ੍ਰਭਾਵ ਭਿੰਨ-ਭਿੰਨ ਹੋਣਗੇ। (5)– ਜਦੋਂ ਕੁੱਝ ਪੌਰਣਿਕ ਪ੍ਰਚਲਣ, ਰੱਬੀ ਸੱਚ (ਗੁਰਬਾਣੀ) ਦੀ ਕਸਵਟੀ `ਤੇ ਪੂਰੇ ਨਾ ਉਤਰਣ ਤਾਂ ਜਗਿਆਸੂ ਨੂੰ ਉਨ੍ਹਾਂ ਤੋਂ ਸੁਚੇਤ ਕੀਤਾ ਹੁੰਦਾ ਹੈ ਜਾਂ ਫ਼ਿਰ ਕੁੱਝ ਪ੍ਰਚਲਣਾਂ ਨੂੰ ਕੇਵਲ ਮਿਸਾਲ ਵਜੋਂ ਹੀ ਵਰਤਿਆ ਹੁੰਦਾ ਹੈ। ਅਜੇਹੀਆਂ ਵੰਨਗੀਆਂ ਵਲ ਜਾਵੀਏ ਤਾਂ ਬੇਅੰਤ ਹਨ, ਪਰ ਮੌਟੇ ਤੌਰ `ਤੇ ਗੁਰਬਾਣੀ ਅਰਥਾਂ ਨੂੰ ਸਮਝਣ-ਸਮਝਾਉਣ ਜਾਂ ਕਥਾ-ਵਾਰਤਾ ਸਮੇਂ ਇਹ ਪੰਜ ਵੰਨਗੀਆਂ ਦੀ ਜਾਣਕਾਰੀ ਜ਼ਰੂਰੀ ਹੁੰਦੀ ਹੈ। ਇਹੀ ਕਾਰਨ ਹੈ ਕਿ ਅੱਜ ਜਦੋਂ ਗੁਰਬਾਣੀ ਦੇ ਬਹੁਤੇ ਕਥਾਕਾਰ ਹੀ ਗੁਰਬਾਣੀ ਵਿਚਲੇ ਇਨ੍ਹਾਂ ਪੱਖਾਂ ਤੋਂ ਅਣਜਾਣ ਹੁੰਦੇ ਹਨ ਤਾਂ ਕਥਾ ਅਤੇ ਗੁਰਮਤਿ ਵਿਚਾਰਾਂ ਸੁਣ-ਸੁਣ ਕੇ ਵੀ ਸਂਗਤਾਂ ਦੀ ਗੁਰਮਤਿ ਪਖੋਂ ਕੁੱਝ ਵੀ ਤਿਆਰੀ ਨਹੀਂ ਹੋ ਪਾਂਦੀ।

ਦਰਅਸਲ ਗੁਰਬਾਣੀ ਵਿਚਲੇ ਅਜੇਹੇ ਰੂਪਕ ਅਲ਼ੰਕਾਰਾਂ ਵਾਲੇ ਸ਼ਬਦਾਂ ਦੇ ਅਰਥਾਂ ਅਤੇ ਗੁਰਬਾਣੀ ਸੇਧ ਨੂੰ ਪ੍ਰਾਪਤ ਕਰਣ `ਚ ਵੀ ਜਦੋਂ ਸਾਨੂੰ ਅਸਲੀਅਤ ਦਾ ਪਤਾ ਨਹੀੰ ਹੁੰਦਾ ਤਾਂ ਸਾਡੀ ਸੋਝੀ ਅੰਦਰ ਵੀ ਇਹੀ ਰੁਕਾਵਟ ਬਣੀ ਹੁੰਦੀ ਹੈ। ਫ਼ਿਰ ਵੀ ਅਸੀਂ ਰੱਬੀ ਸਚਾਈ ਨੂੰ ਘੋਖਣ ਦੀ ਬਜਾਏ ਗੁਰਬਾਣੀ ਦੇ ਹੀ ਉਲਟ-ਪੁਲਟ ਤੇ ਮਨ ਮਰਜ਼ੀ ਅਰਥ ਕਰਣ ਦੇ ਦੋਸ਼ੀ ਹੁੰਦੇ ਹਾਂ। ਭਾਵੇਂ ਕਿ ਗੁਰਬਾਣੀ ਵਿਚਲੇ ਰੂਪਕ ਅਲੰਕਾਰਾਂ ਵਾਲਾ ਹੱਥਲਾ ਵਿਸ਼ਾ ਬਹੁਤ ਲੰਮਾਂ ਹੈ ਫ਼ਿਰ ਵੀ ਗੱਲ ਨੂੰ ਸਮਝਣ ਲਈ ਇਥੇ ਅਸੀਂ ਗੁਰਬਾਣੀ `ਚੋਂ ਹੀ ਕੁੱਝ ਰੂਪਕ ਅਲੰਕਾਰਾਂ ਦੇ ਦਰਸ਼ਨ ਕਰਨੇ ਚਾਹਾਂਗੇ।

You may also like these