Sri Guru Granth Sahib Ji Di Sarab Uchtta- Part-1 – 9-9-26

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬਉਚਤਾ ਬਾਰੇ ਗਲ ਕਰਣੀ ਇਉਂ ਹੈ ਜਿਵੇਂ ਸੂਰਜ ਨੂੰ ਦੀਵਾ ਦਿਖਾਉਣਾ। ਫ਼ਿਰ ਵੀ ਜਦੋਂ ਸਿੱਖ ਪ੍ਰਚਾਰਕ-ਪ੍ਰਬੰਧਕ-ਲਿਖਾਰੀ ਹੀ ਇਸ ਵਿਸ਼ੇ `ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਦੇ ਹੋਣ ਤਾਂ ਜ਼ਰੂਰੀ ਹੈ ਕਿ ਘਟੋ-ਘਟ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਮਹਨਤਾ ਬਾਰੇ ਕੁੱਝ ਪੱਖ ਸੰਗਤਾਂ ਸਾਹਮਣੇ ਖੁੱਲ ਕੇ ਆਉਣ। ਵਿਸ਼ੇ ਵਲ ਵੱਧਣ ਤੋਂ ਪਹਿਲਾਂ ਹੇਠ ਦਿੱਤੇ ਤਿੰਨ ਵਿਸ਼ੇਸ਼ ਨੁਕਤਿਆਂ ਨੂੰ ਧਿਆਨ `ਚ ਰਖਣਾ ਅਤਿ ਜ਼ਰੂਰੀ ਹੈ।

(੧) “ਗੁਰਬਾਣੀ ਇਸੁ ਜਗ ਮਹਿ ਚਾਨਣੁ” –ਪਾਤਸ਼ਾਹ ਸਪਸ਼ਟ ਲਫ਼ਜ਼ਾਂ `ਚ ਫ਼ੁਰਮਾਂਦੇ ਹਨ ਜੇਕਰ ਮਨੁੱਖ ਨੇ ਗਿਆਨ ਦੀ ਰੋਸ਼ਨੀ `ਚ ਰਹਿ ਕੇ ਜੀਊਣਾ ਹੈ ਤਾਂ ਉਸ ਦਾ ਜੀਵਨ ਢੰਗ ਨੂੰ ਗੁਰਬਾਣੀ ਗਿਆਨ ਦੀ ਰੋਸ਼ਨੀ `ਚ ਲਿਆਉਣਾ ਹੀ ਹੈ, ਦੂਜਾ ਕੋਈ ਰਾਹ ਨਹੀਂ। ਤਾਂ ਫ਼ਿਰ ਇਹ ਰੋਸ਼ਨੀ ਕਿਹੜੀ ਹੈ? ਇਹ ਫ਼ੈਸਲਾ ਵੀ ਗੁਰਬਾਣੀ ਤੋਂ ਹੀ ਲੈਣਾ ਹੈ ਜਿਵੇਂ “ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ, ਗੁਰ ਬਿਨੁ ਘੋਰ ਅੰਧਾਰ” (ਪ: 463) ਭਾਵ ਇਹ ਅਜੇਹਾ ਹਨੇਰਾ ਹੈ ਜਿਸਨੂੰ ਸੰਸਾਰ ਦੇ ਸੈਂਕੜੇ ਚੰਦ੍ਰਮਾਂ ਤੇ ਹਜ਼ਾਰ ਸੂਰਜ ਵੀ ਨਹੀਂ ਕੱਟ ਸਕਦੇ। ਇਹ ਹਨੇਰਾ ਹੈ ਮਨੁੱਖਾ ਮਨ `ਚ ਅਗਿਆਨਤਾ ਦਾ ਹਨੇਰਾ। ਉਂਝ ਇਥੇ ਸੂਰਜਾਂ ਦਾ ਮਤਲਬ ਹੈ ‘ਸੰਸਾਰਕ ਗਿਆਨ’ ਅਤੇ ਚੰਦ੍ਰਮਾਂ ਦਾ ਮਤਲਬ ਹੈ, ਸੰਸਾਰਕ ਗਿਆਨਾ ਬਦਲੇ ਮਿਲਣ ਵਾਲੀਆਂ ਮਾਨਸਕ ਸ਼ਾਂਤੀਆਂ। ਗਲ ਇਥੇ ਵੀ ਉਹੀ ਹੈ, ਹਜ਼ਾਰਾਂ ਸੰਸਾਰਕ ਗਿਆਨ ਅਤੇ ਉਨ੍ਹਾਂ ਤੋਂ ਪ੍ਰਾਪਤ ਮਾਨਸਕ ਠੰਡਕਾਂ ਵੀ, ਮਨੁੱਖ ਦੇ ਮਨ ਅੰਦਰ ਵਸ ਰਹੇ ਅਗਿਆਨਤਾ ਦੇ ਹਨੇਰੇ ਦਾ ਹੱਲ ਨਹੀਂ ਹਨ। ਇਹ ਹਨੇਰਾ ਹੈ ਜਾਤ ਪਾਤ, ਛੂਆ-ਛੂਤ, ਸੁੱਚ ਬਿਟ, ਬ੍ਰਾਹਮਣੀ ਕਰਮ-ਕਾਂਡ, ਸੰਸਾਰਕ ਭੁੱਖਾਂ, ਵਿਤਕਰੇ, ਨਫ਼ਰਤ, ਚਿੰਤਾਂਵਾਂ, ਨਿਰਸ਼ਾ, ਭਟਕਣਾ, ਤ੍ਰਿਸ਼ਨਾ ਤੇ ਹੋਰ ਬਹੁਤ ਕੁਝ। ਫ਼ਿਰ ਸੁਆਲ ਪੈਦਾ ਹੁੰਦਾ ਹੈ ਕਿ ‘ਗੁਰੂ ਗਿਆਨ’ ਮਿਲੇ ਕਿਵੇਂ? ਇਸਦਾ ਉੱਤਰ ਹੈ “ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ” (ਪ: 67) ਤਾਂ ਫ਼ਿਰ ਇਹ “ਕਰਮ (ਬਖਸ਼ਿਸ਼) “ਜਿਸਤੋਂ ਬਿਨਾ ਜੀਵਨ `ਚ ਗੁਰੂ ਗਿਆਨ ਦੀ ਰੋਸ਼ਨੀ ਹੋ ਹੀ ਨਹੀਂ ਸਕਦੀ, ਉਹ ਕਿਵੇਂ ਪ੍ਰਾਪਤ ਹੋਵੇ? ਉੱਤਰ ਹੈ ਕਿ ਉਹ ਵੀ ਗੁਰਬਾਣੀ ਨੂੰ ਖੋਜ ਕੇ ਹੀ ਸਮਝ `ਚ ਆ ਸਕੇਗੀ, ਬਾਹਰੋਂ ਨਹੀਂ।

You may also like these