Sri Guru Granth Sahib Ji Di Sarab Uchtta- Part-9 – 19-9-26

ਭੱਟ ਕਹਿੰਦੇ ਹਨ ਕਿ ਜੀਵਨ ਦੀ ਇਹ ਅਵਸਥਾ ਤਾਂ ਅਵਤਾਰੀ ਰਾਮ ਤੇ ਕ੍ਰਿਸ਼ਨ ਜੀ ਨੂੰ ਵੀ ਪ੍ਰਾਪਤ ਨਹੀਂ ਸੀ ਹੋਈ ਜਿਵੇਂ “ਸਤਜੁਗਿ ਤੈ ਮਾਣਿਓ, ਛਲਿਓ ਬਲਿ, ਬਾਵਨ ਭਾਇਓ॥ ਤ੍ਰੇਤੈ ਤੈ ਮਾਣਿਓ, ਰਾਮੁ ਰਘੁਵੰਸੁ ਕਹਾਇਓ॥ … ਦੁਆਪੁਰਿ ਕਿ੍ਰਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ॥ ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ॥ … ਕਲਿਜੁਗਿ ਪ੍ਰਮਾਣੁ, ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ, ਆਦਿ ਪੁਰਖਿ ਫੁਰਮਾਇਓ॥ ੭॥ (ਪੰ: 1390) ਭਾਵ ਐ ਗੁਰੂ ਨਾਨਕ! ਮੇਰੇ ਲਈ ਸਤਿਜੁਗ ਦੇ ਬਾਵਨ, ਤ੍ਰੇਤੇ ਦੇ ਰਾਮ, ਦੁਆਪਰ ਦੇ ਕ੍ਰਿਸ਼ਨ, ਸਭ ਤੁਸੀਂ ਹੀ ਹੋ ਤੇ ਮੈਂ (ਭੱਟ ਕਲ) ਹੋਰ ਕਿਸੇ ਨੂੰ ਨਹੀਂ ਮੰਨਦਾ। ਹੇ ਗੁਰੂ ਨਾਨਕ! ਸੰਸਾਰ `ਚ ਜੇ ਕਰ ਕਿਸੇ ਨੇ ਸਹੀ ਅਰਥਾਂ `ਚ ਜੀਵਨ ਨੂੰ ਸਮਝਿਆ-ਮਾਣਿਆ ਤੇ ਸੰਸਾਰ ਨੂੰ ਦਿੱਤਾ ਤਾਂ ਉਹ ਕੇਵਲ ਤੁਹਾਡੇ ਹਿੱਸੇ ਹੀ ਆਇਆ। ਹੋਰ ਤਾਂ ਹੋਰ, ਗੁਰਬਾਣੀ ਰਾਹੀਂ ਨਿਵੇਕਲੀਆਂ ਸਚਾਈਆਂ ਦੇ ਉਘੜਣ ਕਰਕੇ ਹੀ ਪੰਜਵੇਂ ਨਾਨਕ ਸਵੈਯੇ ਸ੍ਰੀ ਮੁਖਵਾਕ ਪਾ: ੫ `ਚ, ਵੱਜਦ `ਚ ਆ ਕੇ ਬਾਰ-ਬਾਰ ਫ਼ੁਰਮਾਂਦੇ ਹਨ “ਜਨੁ ਨਾਨਕੁ ਭਗਤੁ, ਦਰਿ ਤੁਲਿ, ਬ੍ਰਹਮ ਸਮਸਰਿ, ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ, ਬਲਿ ਬਲਿ ਸਦ ਬਲਿਹਾਰਿ” (ਪੰ: 1385), ਅਤੇ ਹੋਰ ਵੀ ਬਹੁਤ ਥਾਵੇਂ।

“ਸਬਦੁ ਗੁਰੂ ਪਰਕਾਸਿਓ” – ਗੁਰੂ ਦੀ ਲੋੜ ਅਤੇ ਮਹੱਤਵ ਬਾਰੇ ਵੀ ਆਦਿ ਕਾਲ ਤੋਂ ਜ਼ੋਰ ਦਿੱਤਾ ਗਿਆ ਹੈ ਪਰ ਗੁਰੂ ਹੈ ਕੌਣ? ਗੁਰੂ ਕਹਿੰਦੇ ਕਿਸਨੂੰ ਹਨ? ਇਸ ਬਾਰੇ ਸੰਸਾਰ ਭਰ ਦੇ ਧਰਮ ਤੇ ਵਿਦਵਾਨ ਕਦੇ ਵੀ ਸਪਸ਼ਟ ਨਹੀਂ ਸਨ। ਇਸੇ ਦਾ ਨਤੀਜਾ ਕਿ ਹਰੇਕ ਹੁੱਨਰ ਜਾਂ ਵਿੱਦਿਆ ਦੇ ਮਾਹਿਰ ਤੋਂ ਲੈ ਕੇ ਸਕੂਲ ਦੇ ਮਾਸਟਰ ਤੀਕ ਵੀ ‘ਗੁਰੂ’ ਅਖਵਾਉਣ ਲਗ ਪਏ। ਇਸੇ ਅਗਿਆਨਤਾ ਦਾ ਨਤੀਜਾ, ਕਿ ਪਾਖੰਡੀ ਗੁਰੂਆਂ ਦੀਆਂ ਸਦਾ ਡਾਰਾਂ ਹੀ ਲਗੀਆ ਰਹਿੰਦੀਆਂ ਹਨ। ਇਹ ਸਰਬ ਉੱਚਤਾ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਹਿੱਸੇ ਹੀ ਆਉਂਦੀ ਹੈ ਜਿਨ੍ਹਾਂ ਨੇ ਸਾਬਤ ਕੀਤਾ ਕਿ ਗੁਰੂ ਕਿਸੇ ਸਰੀਰ ਦਾ ਨਾਮ ਨਹੀਂ ਅਤੇ ਸਰੀਰ ਨੂੰ ਗੁਰੂ ਸਮਝ ਲੈਣਾ ਹੀ ਮਨੁਖਤਾ ਨਾਲ ਸਭਤੋਂ ਵੱਡਾ ਧੋਖਾ ਹੈ ਜਿਥੋਂ ਕਿ ਇਨਸਾਨ ਨਿੱਤ ਕੁਰਾਹੇ ਪੈ ਰਿਹਾ ਹੈ। ਕੇਵਲ ਇੱਕ -ਦੋ ਬਲਕਿ “ੴ ਤੋਂ ਤਨੁ ਮਨੁ ਥੀਵੈ ਹਰਿਆ” ਤੀਕ ਗੁਰੂ ਬਾਰੇ ਓਤ-ਪ੍ਰਰੋਤ ਅਤੇ ਸਰਬਪੱਖੀ ਵਿਆਖਿਆ ਤੇ ਗੁਰੂ ਦੀ ਲੋੜ ਨੂੰ ਸਮਝਾਇਆ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ; ਨੇ ਨਾਲ ਨਾਲ ਪਖੰਡੀ ਗੁਰੂਆਂ ਅਤੇ ਗੁਰੂ ਪਦ ਦੇ ਪ੍ਰਚਲਤ ਅਰਥਾਂ ਵਲੋਂ ਵੀ ਲੋਕਾਈ ਨੂੰ ਸੁਚੇਤ ਕੀਤਾ ਹੈ।

You may also like these