Sri Guru Granth Sahib Ji Di Sarab Uchtta- Part-11 – 21-9-26

ਗੁਰਬਾਣੀ ਨੇ ਇਸਨੂੰ ਹੋਰ ਸਪਸ਼ਟ ਕੀਤਾ ਹੈ ਜਿਵੇਂ “ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ” (ਪੰ: 463) (ਅਰਥ ਅਰੰਭ `ਚ ਦਿੱਤੇ ਜਾ ਚੁੱਕੇ ਹਨ) ਗੁਰਦੇਵ ਹੋਰ ਸਪਸ਼ਟ ਕਰਦੇ ਹਨ “ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ” (ਪੰ: 469) ਭਾਵ ਇਹ ਉਹ ਗੁਰੂ ਹੈ ਜੋ ਸਾਡੇ ਮਨ ਨੂੰ ਰੱਬੀ ਗਿਆਨ `ਚ ਬਨ੍ਹ ਕੇ “ਸਤਿਗੁਰ ਵਿਟਹੁ ਵਾਰਿਆ, ਜਿਤੁ ਮਿਲਿਐ ਖਸਮੁ ਸਮਾਲਿਆ” (ਪੰ: 470) ਜਾਂ “ਸਤਿਗੁਰਿ ਮਿਲਿਐ ਸਚੁ ਪਾਇਆ, ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ” (ਪੰ: 467) ਸਿਧਾ ਪ੍ਰਭੂ ਨਾਲ ਜੋੜਦਾ ਤੇ ਅਗਿਆਨਤਾ ਦਾ ਹਨੇਰਾ ਕੱਢ ਕੇ ਸਾਨੂੰ ਸਚਾ ਸੁਚਾ ਜੀਵਨ ਬਖਸ਼ਦਾ ਹੈ। ਭਾਵ ਇਹ ਕਿ ਗੁਰੂ ਸਿਧਾ ਅਕਾਲਪਰਖ ਨਾਲ ਜੋੜਦਾ ਹੈ ਆਪਣੇ ਨਾਲ ਨਹੀਂ। ਇਹ ਇਲਾਹੀ ਗੁਰੂ ਮਨੁੱਖ ਨੂੰ ਸਰੀਰਕ ਮੰਗਾਂ-ਤ੍ਰਿਸ਼ਨਾ ਚੋਂ ਕੱਢਦਾ ਹੈ ਨਾ ਕਿ ਸਰੀਰਕ ਮੰਗਾਂ ਦੀ ਦਲ-ਦਲ `ਚ ਫ਼ਸਾ ਕੇ ਆਪਣੀਆਂ ਰੋਟੀਆਂ ਸੇਕਦਾ ਹੈ ਜਿਵੇਂ ਕਿ ਪਖੰਡੀ ਗੁਰੂ ਅਤੇ ਉਨ੍ਹਾਂ ਦੇ ਏਜੰਟ। ਉਂਝ ਇਹ ਸਾਰਾ ਵਿਸ਼ਾ ਅਸੀਂ ਗੁਰਮਤਿ ਪਾਠ ਨੰ: 109 “ਗੁਰਬਾਣੀ ਅਨੁਸਾਰ ‘ਗੁਰੂ’ ‘ਸਤਿਗੁਰੂ, ਸ਼ਬਦ-ਸ਼ਬਦ ਗੁਰੂ” `ਚ ਲੈ ਚੁੱਕੇ ਹਾਂ, ਇਥੇ ਤਾਂ ਦਸਣਾ ਹੈ ਕਿ ਇਹ ਵੀ ਗੁਰਬਾਣੀ ਦੀ ਹੀ ਸਰਬਉੱਚਤਾ ਹੈ ਜਿਸ ਨੇ ਮਨੁੱਖਾ ਜੀਵਨ ਲਈ ਗੁਰੂ ਵਾਲੀ ਅਸਲ ਲੋੜ ਨੂੰ ਨਿਖਾਰ ਕੇ ਉਸਦੇ ਅਸਲ ਅਰਥਾਂ `ਚ ਪੇਸ਼ ਕੀਤਾ ਹੈ।

You may also like these