ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ- ‘ਸੋਦਰੁ’ ਅਤੇ ‘ਸੋਪੁਰਖੁ’। ‘ਸੋਦਰੁ’ `ਚ ੫ ਸ਼ਬਦ ਹਨ ਤੇ ‘ਸੋਪੁਰਖੁ’ ਚ ੪ ਸ਼ਬਦ। ਸਿੱਖ ਸੰਗਤਾਂ ਲਈ ਨਿਯਤ ਨਿਤਨੇਮ ਅਨੁਸਾਰ ਇਹ ਬਾਣੀ ਸ਼ਾਮਾਂ ਵੇਲੇ ਦੀ ਹੈ, ਇਸ ਨੂੰ ‘ਰਹਿਰਾਸ’ ਦੀ ਬਾਣੀ ਵੀ ਆਖਦੇ ਹਨ। ਇਸ ਤੋਂ ਅੱਗੇ ਬਾਣੀ ‘ਸੋਹਿਲਾ’ ਹੈ ਜਿਸ `ਚ ਕੁਲ ੫ ਸ਼ਬਦ ਹਨ ਅਤੇ ਰਾਤ ਨੂੰ ਸੌਣ ਸਮੇਂ ਇਸ ਦਾ ਪਾਠ ਕਰਨ ਲਈ ਹਿਦਾਇਤ ਹੈ। ਇਸ ਤੋਂ ਅੱਗੇ ਹੇਠ ਦਿੱਤੇ ੩੧ ਰਾਗਾਂ ਅਨੁਸਾਰ ਬਾਣੀ ਦਰਜ ਹੈ।
ਇਹ ੩੧ ਰਾਗ ਹਨ-ਸਿਰੀਰਾਗੁ, ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ।
ਰਾਗਾਂ ਦੀ ਸਮਾਪਤੀ ਉਪ੍ਰੰਤ ਨੰਬਰਵਾਰ ਹੇਠ ਲਿਖੀਆਂ ਬਾਣੀਆਂ ਹਨ- ਸਲੋਕ ਸਹਸ ਕ੍ਰਿਤੀ ਮਹਲਾ ੧ (੪ ਸਲੋਕ) ਪੰਨਾ ੧੩੫੩, ਸਲੋਕ ਸਹਸਕ੍ਰਿਤੀ ਮਹਲਾ ੫ (੬੭ ਸਲੋਕ) ਪੰਨਾ ੧੩੫੩, ਗਾਥਾ ਮਹਲਾ ੫ ਪੰਨਾ ੧੩੬੦, ਫੁਨਹੇ ਮਹਲਾ ੫ ਪੰਨਾ ੧੩੬੧, ਚਉਬੋਲੇ ਮਹਲਾ ੫ ਪੰਨਾ ੧੩੬੩, ਸਲੋਕ ਭਗਤ ਕਬੀਰ ਜੀ (੨੪੩ ਸਲੋਕ) ਪੰਨਾ ੧੩੬੪, ਸਲੋਕ ਸ਼ੇਖ਼ ਫ਼ਰੀਦ ਕੇ (੧੩੦ ਸਲੋਕ) ਪੰਨਾ ੧੩੭੭, ਸਵਯੇ ਸ੍ਰੀ ਮੁਖ ਬਾਕ੍ਹ ਮ: ੫ (੨੦ ਸਵਯੇ) ਪੰਨਾ ੧੩੮੫, ਸਵਯੇ ਭੱਟਾਂ ਦੇ (੧੨੩ ਸਵਯੇ) ਸਲੋਕ ਵਾਰਾਂ ਤੇ ਵਧੀਕ (੧੫੨ਸਲੋਕ) ਪੰਨਾ ੧੪੧੦, ਜਿਨ੍ਹਾਂ `ਚ (ਮ: ੧-੩੩) (ਮ: ੩-੬੭) (ਮ: ੪-੩੦) (ਮ: ੫-੨੨) ਸਲੋਕ ਮਹਲਾ ੯ (੫੭ ਸਲੋਕ) ਪੰਨਾ ੧੪੨੬, ਮੁੰਦਾਵਣੀ ਮ: ੫ ਪੰਨਾ ੧੪੨੯, ਉਪ੍ਰੰਤ ਰਾਗਮਾਲਾ (ਰਾਗ ਮਾਲਾ ਬਾਣੀ ਹੈ ਵੀ ਜਾਂ ਨਹੀਂ, ਇਸ ਬਾਰੇ ਪੰਥ ਇੱਕ ਮੱਤ ਨਹੀਂ। ਇਹ ਵੱਖਰੀ ਗੱਲ ਹੈ ਕਿ ਰਾਗਮਾਲਾ ਬਾਰੇ ‘ਰਹਿਤ ਮਰਿਯਾਦਾ’ `ਚ ਸੇਧ ਹੈ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ (ਇਸ ਗੱਲ ਬਾਰੇ ਪੰਥ ਵਿੱਚ ਅਜੇ ਤੱਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ……)”।)