Saadho Eh Man gahyo Naa Jaayi – 13-9-25

ਗਉੜੀ ਮਹਲਾ ੯ ॥
ਸਾਧੋ ਇਹੁ ਮਨੁ ਗਹਿਓ ਨ ਜਾਈ ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥ ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥ ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥ ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥ {ਪੰਨਾ 219}

ਅਰਥ: ਹੇ ਸੰਤ ਜਨੋ! ਇਹ ਮਨ ਵੱਸ ਵਿਚ ਕੀਤਾ ਨਹੀਂ ਜਾ ਸਕਦਾ, (ਕਿਉਂਕਿ ਇਹ ਮਨ ਸਦਾ) ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵੱਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ।1। ਰਹਾਉ।

(ਹੇ ਸੰਤ ਜਨੋ!) ਵੱਸ ਵਿਚ ਨਾਹ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ (ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ। (ਕ੍ਰੋਧ ਨੇ) ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ।1।

ਸਾਰੇ ਜੋਗੀ (ਇਸ ਮਨ ਨੂੰ ਕਾਬੂ ਕਰਨ ਦੇ) ਜਤਨ ਕਰਦੇ ਕਰਦੇ ਥੱਕ ਗਏ, ਵਿਦਵਾਨ ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾਹ ਜੋਗ-ਸਾਧਨ, ਨਾਹ ਵਿੱਦਿਆ-ਮਨ ਨੂੰ ਕੋਈ ਭੀ ਵੱਸ ਵਿਚ ਲਿਆਉਣ ਦੇ ਸਮਰੱਥ ਨਹੀਂ) ।

ਹੇ ਦਾਸ ਨਾਨਕ! ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿਚ ਰੱਖਣ ਦੇ) ਸਾਰੇ ਢੋ ਢੁਕ ਪੈਂਦੇ ਹਨ।2।4।

You may also like these