Saadho Raam Sharan Bisrama – 16-9-25

ਗਉੜੀ ਮਹਲਾ ੯ ॥
ਸਾਧੋ ਰਾਮ ਸਰਨਿ ਬਿਸਰਾਮਾ ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥ ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥ ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥ ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥ {ਪੰਨਾ 220}

ਅਰਥ: ਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ। ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ।1। ਰਹਾਉ।

(ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ, ਖ਼ੁਸ਼ੀ, ਗ਼ਮੀ = (ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ।1।

(ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ = ਉਸ ਨੂੰ ਇਕ ਸਮਾਨ ਹਨ) , ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ।2।

(ਹੇ ਸੰਤ ਜਨੋ!) ਤੁਸੀ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ। ਹੇ ਨਾਨਕ! (ਆਖ– ਹੇ ਸੰਤ ਜਨੋ! ਲੋਭ, ਮੋਹ, ਦੁਖ ਸੁਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ।3।7।

You may also like these