Kaahe Re Ban Khojan Jaahi – 6-10-25

ੴ ਸਤਿਗੁਰ ਪ੍ਰਸਾਦਿ ॥

ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥ {ਪੰਨਾ 684}

ਅਰਥ: ਹੇ ਭਾਈ! ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ।੧।ਰਹਾਉ।

ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ।੧।

ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ।੨।੧।

You may also like these