Man Re Saacha Karo Bichara – 12-10-25

ਜੈਤਸਰੀ ਮਹਲਾ ੯ ॥
ਮਨ ਰੇ ਸਾਚਾ ਗਹੋ ਬਿਚਾਰਾ ॥ ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥ ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥ ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥ ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥ ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥ {ਪੰਨਾ 703}

ਅਰਥ: ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ।੧।ਰਹਾਉ।

ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ, ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ।੧।

ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ। ਹੇ ਨਾਨਕ! ਆਖ-) ਹੇ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ।੨।੩।

You may also like these