Nimakh Na Har Gun Gayo – 29-10-25

ਗਉੜੀ ਮਹਲਾ ੯ ॥
ਕੋਊ ਮਾਈ ਭੂਲਿਓ ਮਨੁ ਸਮਝਾਵੈ ॥ ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥ ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥ ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥ ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥ {ਪੰਨਾ 220}

ਅਰਥ: ਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ। (ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ।1। ਰਹਾਉ।

(ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ। (ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ।1।

(ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ।

ਹੇ ਨਾਨਕ! (ਆਖ– ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ।2।6।

You may also like these