ਸ਼ਹੀਦ ਸਿੱਖਾਂ ਦਾ ਸਸਕਾਰ
ਇਨ੍ਹਾਂ ਤਿੰਨੋਂ ਧਰਮੀ ਸਿੱਖਾਂ ਨੂੰ ਗੁਰੂ ਤੇਗ਼ ਬਹਾਦਰ ਜੀ ਦੀਆਂ ਨਜ਼ਰਾਂ ਦੇ ਸਾਮ੍ਹਣੇ ਸ਼ਹੀਦ ਕੀਤਾ ਗਿਆ ਸੀ ਤਾਂ ਜੋ ਗੁਰੂ ਤੇਗ਼ ਬਹਾਦਰ ਜੀ ਇਨ੍ਹਾਂ ਉਪਰ ਹੁੰਦੇ ਜ਼ੁਲਮ ਵੇਖ ਕੇ ਡਰ ਜਾਣ ਤੇ ਉਹ ਆਪਣਾ ਹੱਠ ਤਿਆਗ ਕੇ ਇਸਲਾਮ ਦੇ ਦਾਇਰੇ ਵਿਚ ਆ ਜਾਣ। ਪਰ ਗੁਰੂ ਜੀ ਅੰਤਮ ਸਮੇਂ ਤਕ ਸ਼ਾਂਤ ਅਤੇ ਅਡੋਲ ਰਹੇ ਅਤੇ ੧੧ ਨਵੰਬਰ ਸੰਨ ੧੬੭੫ ਈਸਵੀਂ ਨੂੰ ਸਰੀਰ ਰੂਪੀ ਠੀਕਰਾ ਦਿੱਲੀ ਪਤਿ ਦੇ ਸਿਰ ਭੰਨ੍ਹ ਕੇ ਸ਼ਹੀਦ ਹੋ ਗਏ |
ਸ਼ਹੀਦ ਹੋਏ ਸਿੱਖਾਂ ਦੇ ਮ੍ਰਿਤਕ ਸਰੀਰ ੨ ਦਿਨ ਤਕ ਉਥੇ ਹੀ ਪਏ ਰਹੇ ਜਿੱਥੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ। ਫ਼ਿਰ ਦਿੱਲੀ ਦੇ ਕੌਤਵਾਲ ਨੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਉਥੋਂ ਚੁਕਵਾ ਕੇ ਇਕ ਪਾਸੇ ਸੁਟਵਾ ਦਿੱਤਾ।“ ਦਿੱਲੀ ਦੇ ਸਿੱਖਾਂ ਨੇ ਇਕ ਯੋਜਨਾ ਬਣਾ ਕੇ ਇਨ੍ਹਾਂ ਸ਼ਹੀਦ ਸਿੱਖਾਂ ਦੇ ਸਰੀਰ ਇਥੋਂ ਚੁਕ ਕੇ, ਭੋਗਲ ਦੇ ਨੇੜੇ ਜਮਨਾ ਦੇ ਕੰਢੇ ਲਿਜਾਕੇ ਉਨ੍ਹਾਂ ਦਾ ਸਸਕਾਰ ਕਰ ਦਿਤਾ। ਇਹ ਉਹੀ ਥਾਂ ਸੀ ਜਿੱਥੇ ਸੰਨ ੧੬੬੪ ਈਸਵੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਦਾ ਸਸਕਾਰ ਕੀਤਾ ਗਿਆ ਸੀ ਅਤੇ ਦੋ ਦਿਨ ਪਹਿਲਾਂ ਬਾਬਾ ਬੁੱਢਾ ਜੀ ਦੀ ਅੰਸ ਚੋਂ ਬਾਬਾ ਗੁਰਦਿੱਤਾ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਡਾਕਟਰ ਹਰੀ ਰਾਮ ਗੁਪਤਾ ਨੇ ਵੀ ਇਨ੍ਹਾਂ ਦਾ ਸਸਕਾਰ ਜਮਨਾ ਦੇ ਕੰਢੇ ਹੋਇਆ ਲਿਖਿਆ ਹੈ।