ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਤੋ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਨੂੰ ਛੱਡਣ ਤੋ ਲੈ ਕੇ ਅੱਗਲੇ ਦਿਨਾਂ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਲੱਗੇ ਆ ਜੀ। ਕਿਰਪਾ ਕਰਕੇ ਆਪ ਵੀ ਪੜ੍ਹਨਾ ਹੋਰ ਸੰਗਤ ਨੂੰ ਵੀ ਸ਼ੇਅਰ ਕਰਨਾ।
ਭਾਗ-2 ਕੋਈ ਵੀ ਚੀਜ ਦੁਸ਼ਮਣ ਦੇ ਹੱਥ ਨਾ ਆਵੇ, ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ। ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਅਨੰਦਪੁਰ ਸਾਹਿਬ ਪੂਰੇ ਨਗਰ ਨੂੰ ਪੈਦਲ ਤੁਰ ਕੇ ਵੇਖਿਆ। ਸਭ ਪਾਸੇ ਚੁੱਪ ਸੀ, ਗੁਰੂ ਜੀ ਦੇ ਪਿੱਛੇ ਸਿੰਘ ਵੀ ਚੁੱਪ-ਚਾਪ ਮਗਰ ਤੁਰੀ ਆਉਂਦੇ, ਸਭ ਪਾਸੇ ਚੁੱਪ ਦਾ ਸਨਾਟਾ ਛਾਇਆ ਹੋਇਆ ਸੀ। ਸਤਿਗੁਰੂ ਜੀ ਕਿਸੇ ਅਨੋਖੀ ਰੰਗਤ ਵਿੱਚ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਆਖਰੀ ਗੇੜਾ ਮਾਰ ਰਹੇ ਸੀ। ਇਸ ਤੋਂ ਬਾਅਦ ਇਸ ਨਗਰ ਦੀਆਂ ਗਲੀਆਂ ਕਲਗੀਧਰ ਪਾਤਸ਼ਾਹ ਜੀ ਦੀ ਚਰਨ ਛੋਹ ਤੋਂ ਸਦਾ ਲਈ ਸੁੰਨੀਆਂ ਹੋ ਗਈਆਂ, ਮੁੜ ਬਾਜਾਂ ਵਾਲੇ ਦਾ ਇਹਨਾਂ ਗਲੀਆਂ ਵਿੱਚ ਗੇੜਾ ਨਾ ਲੱਗ ਸਕਿਆ। ਕਿੱਥੇ ਜਾਣਾ ਏ, ਕਿਹਦੇ ਕੋਲ ਜਾਣਾ ਏ, ਕਿਸੇ ਨੂੰ ਕੋਈ ਨਹੀਂ ਸੀ ਪਤਾ। ਸਭ ਸਿੰਘਾਂ ਨੇ ਜਿੰਨਾ ਸਾਮਾਨ ਕੋਈ ਚੁੱਕ ਸਕਿਆ ਚੁੱਕ ਲਿਆ, ਆਪੋ-ਆਪਣੇ ਹਥਿਆਰ ਸੰਭਾਲ ਲਏ। ਸਤਿਗੁਰੂ ਜੀ ਅਤੇ ਬਾਕੀ ਸਭ ਪਰਿਵਾਰ ਤਿਆਰੀ ਕਰ ਚੁੱਕਾ ਸੀ, ਵੱਡੇ ਸਾਹਿਬਜ਼ਾਦੇ ਹੱਥਾਂ ਵਿੱਚ ਸ਼ਸਤਰ ਫੜ ਪੂਰੀ ਤਿਆਰੀ ਵਿੱਚ ਸਨ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਜਥੇ ਹੇਠ ਪਾਲਕੀਆਂ ਵਿੱਚ ਵਿਰਾਜੇ ਹੋਏ ਸਨ। ਛੋਟੇ ਸਾਹਿਬਜ਼ਾਦੇ ਦਾਦੀ ਮਾਂ ਗੁਜਰ ਕੌਰ ਜੀ ਨਾਲ ਮਾਈਆਂ ਵਾਲੇ ਜਥੇ ਵਿੱਚ ਸ਼ਾਮਿਲ ਸਨ। ਛੋਟੇ ਸਾਹਿਬਜ਼ਾਦੇ ਦਾਦੀ ਮਾਂ ਨੂੰ ਪੁੱਛਦੇ ਕਿੱਥੇ ਜਾਣਾ ਏ, ਕਾਹਤੋਂ ਜਾਣਾ ਏ, ਕਿਹਦੇ ਕੋਲ ਚੱਲੇ ਹਾਂ, ਦਾਦੀ ਧਰਵਾਸ ਦੇ ਛੇਤੀ ਆਉਣ ਦਾ ਵਾਅਦਾ ਕਰਦੀ। ਸਭ ਪਾਸੇ ਤਿਆਰ-ਪੁਰ-ਤਿਆਰ ਖਾਲਸੇ ਦਿਖਾਈ ਦੇ ਰਹੇ ਸੀ। ਪੰਜ ਪਿਆਰੇ ਸਤਿਗੁਰੂ ਜੀ ਦੀ ਰਹਿਨੁਮਾਈ ਹੇਠ ਕਮਰਕੱਸੇ ਕਰ ਚੁੱਕੇ ਸਨ। ਏਸੇ ਤਰ੍ਹਾਂ ਸ਼ਾਮ ਤੋਂ ਤਿਆਰੀ ਕਰਦਿਆਂ-ਕਰਾਉਂਦਿਆਂ ਕਾਫੀ ਰਾਤ ਹੋ ਗਈ। ਸਤਿਗੁਰੂ ਜੀ ਭਾਈ ਉਦੈ ਸਿੰਘ ਤੇ ਭਾਈ ਦਇਆ ਸਿੰਘ ਅਤੇ ਹੋਰ ਮੁਖੀ ਸਿੰਘਾਂ ਸਮੇਤ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਚੱਲਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਸੀਸ ਗੰਜ ਵਿਖੇ ਆਣ ਪਹੁੰਚੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ 'ਤੇ ਆ ਕੇ ਆਪ ਅਰਦਾਸ ਕੀਤੀ, ਅਨੰਦਪੁਰ ਸਾਹਿਬ ਨੂੰ ਛੱਡਣ ਦੀ ਵਿਦਾਇਗੀ ਲਈ। ਅਰਦਾਸ ਕਰਕੇ ਪਾਤਸ਼ਾਹ ਜੀ ਨੇ ਇਸ ਅਸਥਾਨ ਦੀਆਂ ਤਿੰਨ ਪਰਕਰਮਾਂ ਕੀਤੀਆਂ ਅਤੇ ਉੱਚੀ ਅਵਾਜ ਵਿੱਚ ਕਿਹਾ, “ਕੋਈ ਇਸ ਅਸਥਾਨ ਦੀ ਸੇਵਾ ਕਰੇਗਾ?” ਸਭ ਪਾਸੇ ਚੁੱਪ ਛਾ ਗਈ, ਕੋਈ ਨਾ ਬੋਲਿਆ। ਪਾਤਸ਼ਾਹ ਜੀ ਦੇ ਤੀਸਰੀ ਵਾਰ ਕਹਿਣ 'ਤੇ ਗੁਰਬਖਸ਼ ਦਾਸ ਉਦਾਸੀ ਸਾਧੂ ਗੁਰੂ ਜੀ ਦੇ ਚਰਨੀਂ ਢਹਿ ਪਿਆ ਅਤੇ ਕਿਹਾ ਕਿ ਮਹਾਰਾਜ ਜੀ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਪਰ ਮੈਨੂੰ ਏਥੇ ਆਪ ਜੀ ਤੋਂ ਬਿਨਾਂ ਕੋਈ ਨਹੀਂ ਜਾਣਦਾ, ਮੇਰਾ ਗੁਜਾਰਾ ਕਿਵੇਂ ਹੋਵੇਗਾ, ਆਪ ਜੀ ਦੇ ਜਾਣ ਤੋਂ ਬਾਅਦ ਪਹਾੜੀ ਰਾਜੇ ਮੈਨੂੰ ਦੁੱਖ ਦੇਣਗੇ। ਸਤਿਗੁਰੂ ਜੀ ਨੇ ਸਾਧੂ ਗੁਰਬਖਸ਼ ਦਾਸ ਨੂੰ ਆਪਣੇ ਕਲਾਵੇ ਵਿੱਚ ਲੈ ਸੀਨੇ ਨਾਲ ਲਾ ਲਿਆ ਅਤੇ ਕਿਹਾ, ਤੂੰ ਇਸ ਅਸਥਾਨ ਦੀ ਸੇਵਾ ਕਰਦਾ ਰਹੀਂ, ਤੇਰਾ ਗੁਜਾਰਾ ਚੱਲਦਾ ਰਹੇਗਾ, ਤੈਨੂੰ ਕੋਈ ਦੁੱਖ ਨਹੀਂ ਦੇ ਸਕੇਗਾ, ਵਾਹਿਗੁਰੂ ਤੇਰੇ ਅੰਗ-ਸੰਗ ਹੋਵੇਗਾ। ਇੱਕ ਗੱਡਾ ਰਸਦ ਦਾ ਲੱਦਿਆ ਹੋਇਆ ਦੇ ਕੇ ਉਸ ਨੂੰ ਦਿਲਾਸਾ ਦਿੰਦਿਆਂ ਪਾਤਸ਼ਾਹ ਜੀ ਨੇ ਸਾਧੂ ਗੁਰਬਖਸ਼ ਦਾਸ ਕੋਲੋਂ ਵੀ ਵਿਦਾਇਗੀ ਲਈ। ਅੱਧੀ ਰਾਤ ਦਾ ਸਮਾਂ ਹੋ ਚੁੱਕਾ ਸੀ, ਗੁਰੂ ਜੀ ਨੇ ਕਿਲ੍ਹਾ ਅਨੰਦਗੜ੍ਹ ਵਿਖੇ ਪਹੁੰਚ ਕੇ ਸਾਰੇ ਜਥੇ ਨੂੰ ਕੀਰਤਪੁਰ ਸਾਹਿਬ ਵੱਲ ਜਾਣ ਦਾ ਹੁਕਮ ਦਿੱਤਾ। ਸਭ ਵਹੀਰ ਉੱਧਰ ਨੂੰ ਤੁਰ ਪਿਆ। ਅਨੰਦਪੁਰ ਸਾਹਿਬ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ, ਕੋਠੇ-ਕੰਧਾਂ ਸੁੰਨਸਾਨ ਉਜਾੜੇ ਦਾ ਰੂਪ ਧਾਰ ਕੇ ਡਰਾਉਂਦੇ ਪ੍ਰਤੀਤ ਹੁੰਦੇ। ਸਾਧੂ ਗੁਰਬਖਸ਼ ਦਾਸ ਨੂੰ ਇਕੱਲ ਵਿੱਚ ਆਪਣਾ-ਆਪ ਵੀ ਖਾਣ ਨੂੰ ਆਉਂਦਾ। ਗੁਰੂ ਸਾਹਿਬ ਨੂੰ ਜਾਂਦਿਆਂ ਦੇਖ ਉਹ ਪੂਰੀ ਤਰ੍ਹਾਂ ਡੌਰ-ਭੌਰ ਹੋ ਚੁੱਕਾ ਸੀ। ਉਸ ਕੋਲੋਂ ਆਪਣਾ-ਆਪ ਵੀ ਨਾ ਸੰਭਾਲਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ 'ਤੇ ਸਿਰ ਰੱਖ ਕੇ ਉਦਾਸੀ ਸਾਧੂ ਜਾਰੋ-ਜਾਰ ਰੋਣ ਲੱਗ ਪਿਆ। ਅਨੰਦਪੁਰ ਸਾਹਿਬ ਦੀ ਬੇਸਹਾਰਾ ਹੋਈ ਨਗਰੀ ਜਿਵੇਂ ਪੁੱਛ ਰਹੀ ਸੀ ਕਿ ਕਲਗੀਆਂ ਵਾਲਿਆ ਕਿੱਥੇ ਚੱਲਿਆਂ ਏ? ੬ ਪੋਹ, ੧੭੬੧ ਬਿ: (੨੦ ਦਸੰਬਰ, ੧੭੦੪ ਈ:) ਨੂੰ ਅੱਧੀ ਰਾਤ ਦੇ ਨੇੜੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਨੂੰ ਆਖਰੀ ਫਤਹਿ ਬੁਲਾ ਦਿੱਤੀ। ਇਹ ਭਿਆਨਕ ਰਾਤ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਤੱਕ ਕਿਵੇਂ ਮੇਰੇ ਬਾਜਾਂ ਵਾਲੇ, ਸਭ ਗੁਰੂ ਪਰਿਵਾਰ ਤੇ ਸਿੰਘਾਂ- ਸੇਵਕਾਂ ਨਾਲ ਬੀਤੀ, ਇਸ ਦਰਦਨਾਕ ਰਾਤ ਦਾ ਕਿਆਸ ਨਹੀਂ ਲਾਇਆ ਜਾ ਸਕਦਾ। ਇਸਨੂੰ ਇਤਿਹਾਸ ਦੇ ਪੰਨਿਆਂ ਤੋਂ ਟੋਹ ਕੇ ਇਸਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਇਤਿਹਾਸ ਦੇ ਪੰਨੇ ਆਪਣੇ-ਆਪ ਮੁੱਖੋਂ ਬੁਲਾ ਦੇਣਗੇ ਧੰਨ ਗੁਰੂ ਬਾਜਾਂ ਵਾਲਾ, ਧੰਨ ਗੁਰੂ ਕਲਗੀਆਂ ਵਾਲਾ। ਠੰਡੀ ਹਵਾ ਤੇ ਕਹਿਰ ਦੀ ਸਰਦੀ ਸਰੀਰ ਨੂੰ ਭੰਨਦੀ ਜਾ ਰਹੀ ਸੀ । ਸਾਰਾ ਵਹੀਰ ਚੁੱਪ-ਚਾਪ ਤੁਰਿਆ ਜਾ ਰਿਹਾ ਸੀ । ਇਸ ਦੁੱਖ ਦੀ ਘੜੀ ਵਿੱਚ ਕਿਸੇ ਦਾ ਕੁਝ ਵੀ ਬੋਲਣ ਨੂੰ ਜੀਅ ਨਹੀਂ ਸੀ ਕਰਦਾ। ਕਿਵੇਂ ਵਸਿਆ-ਵਸਾਇਆ ਅਨੰਦਪੁਰ ਸਾਹਿਬ ਛੱਡਿਆ ਸੀ। ਉਸ ਅਨੰਦਾਂ ਦੀ ਪੁਰੀ ਨੂੰ ਛੱਡ ਕੇ ਬੋਲ ਵੀ ਕੀ ਹੋਵੇ ਜਿੱਥੇ ਸਦਾ ਹੀ ਅਨੰਦ ਵਰਤਦਾ ਸੀ। ਅੱਜ ਕਿਹੋ ਜਿਹਾ ਸਮਾਂ ਆਇਆ ਸਭ ਕੁਝ ਛੱਡਣਾ ਪੈ ਗਿਆ। ਕੋਈ ਹੌਂਸਲਾ ਕਰ ਬੋਲਦਾ ਤੇ ਕਹਿੰਦਾ ਕਿ ਆਪਾਂ ਛੇਤੀਂ ਹੀ ਅਨੰਦਪੁਰ ਸਾਹਿਬ ਵਾਪਿਸ ਆਵਾਂਗੇ। ਇਹ ਸਭ ਧਰਵਾਸ ਦੇਣ ਵਾਲੀਆਂ ਗੱਲਾਂ ਸੀ, ਮੁੜ ਕਿਸੇ ਅਨੰਦਪੁਰ ਨਾ ਦੇਖਿਆ। ਸਭ ਮਨ ਕਰੜੇ ਕਰਕੇ ਤਨ 'ਤੇ ਪੋਹ ਦਾ ਪਾਲਾ ਜਰ ਰਹੇ ਸੀ। ਪੋਹ ਦੀ ਠੰਡੀ ਰਾਤ ਵਿੱਚ ਕਾਫਲੇ ਦੇ ਕਦਮ ਅੱਗੇ ਵੱਧਦੇ ਗਏ। ਸਤਿਗੁਰੂ ਜੀ ਦੇ ਨਾਲ ਗਿਣਤੀ ਦੇ ਸਿਰਲੱਥ ਯੋਧੇ ਸਿੰਘਾਂ ਦਾ ਜਥਾ ਸਭ ਤੋਂ ਅੱਗੇ ਅਤੇ ਵਿਚਕਾਰ ਮਾਈਆਂ, ਬਿਰਧ ਤੇ ਬੱਚੇ ਸ਼ਾਮਿਲ ਸੀ। ਇਸ ਦੀ ਅਗਵਾਈ ਭਾਈ ਧਰਮ ਸਿੰਘ ਜੀ, ਭਾਈ ਮਨੀ ਸਿੰਘ ਜੀ ਤੇ ਹੋਰ ਸਿੰਘ ਕਰ ਰਹੇ ਸਨ। ਤੀਸਰੇ ਜਥੇ ਦੀ ਅਗਵਾਈ ਸਾਹਿਬਜ਼ਾਦਾ ਅਜੀਤ ਸਿੰਘ ਜੀ ਕਰਦੇ, ਇਸ ਤੋਂ ਪਿੱਛੇ ਹੋਰ ਸਿੰਘ, ਖੱਚਰਾਂ 'ਤੇ ਲੋੜੀਂਦਾ ਸਾਮਾਨ, ਇਹ ਸਾਰੀ ਗਿਣਤੀ ਹਜਾਰਾਂ ਦੀ ਨਹੀਂ ਸੈਂਕੜਿਆਂ ਦੀ ਸੀ। ਕੀਰਤਪੁਰ ਸਾਹਿਬ ਤੱਕ ਸਭ ਕਾਫਲਾ ਸੁੱਖ-ਸਵੀਲੀ ਪਹੁੰਚ ਗਿਆ। ਏਥੋਂ ਲੰਘਦਿਆਂ ਹੀ ਗੁਰੂ ਜੀ ਨੇ ਆਪਣੇ ਵੱਡੇ ਗੁਰੂ ਸਾਹਿਬਾਂ ਦੇ ਅਸਥਾਨ ਨੂੰ ਨਮਸਕਾਰ ਕੀਤੀ। ਏਥੋਂ ਅੱਗੇ ਨਿਰਮੋਹਗੜ੍ਹ ਦੀ ਪਹਾੜੀ 'ਤੇ ਪਹੁੰਚੇ ਹੀ ਸਨ ਕਿ ਪਿੱਛੋਂ ਰੌਲਾ ਪੈਣ ਲੱਗ ਪਿਆ ਫੜ ਲਓ, ਮਾਰ ਲਓ, ਬਚਕੇ ਨਾ ਜਾਣ ਦਿਓ, ਅਲੀ-ਅਲੀ ਦੀਆਂ ਅਵਾਜਾਂ ਨੇ ਅੰਧੇਰੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ। ਗੁਰੂ ਪਾਤਸ਼ਾਹ ਜੀ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਪੁੱਤਰ ਸੂਰਜ ਮੱਲ ਜੀ ਦੇ ਪੋਤਰੇ ਗੁਲਾਬ ਰਾਇ ਅਤੇ ਸ਼ਿਆਮ ਸਿੰਘ ਵੀ ਨਾਲ ਹੀ ਸਨ। ਪਿੱਛੋਂ ਭਾਰੀ ਸ਼ੋਰ ਸੁਣ ਕੇ ਪਾਤਸ਼ਾਹ ਜੀ ਨੇ ਕਾਹਲੀ ਵਿੱਚ ਇੱਕ ਖੱਤ ਰਾਜੇ ਨਾਹਨ ਦੇ ਨਾਂ ਇਹਨਾਂ ਦੋਨ੍ਹਾਂ ਭਰਾਵਾਂ ਨੂੰ ਦੇ ਕੇ ਰਾਜੇ ਨਾਹਨ (ਸਿਰਮੌਰ) ਵੱਲ ਤੋਰਿਆ। ਦੋਹਰਾ- ਕੀਰਤਪੁਰ ਕੋ ਉਲੰਘਿ ਕੈ ਪੁਨ ਆਇ ਨਿਰਮੋਹ। ਮੁਗਲ ਪਠਾਨਨ ਆਇ ਕੈ ਲਰੇ ਲਖਯੋ ਤਬਿ ਧਰੋਹ। ਰਾਇ ਗੁਲਾਬ ਰੁ ਸ਼ਿਆਮ ਸਿੰਘ ਪਿਖਿ ਲਿਖ ਪੱਤ੍ਰਾ ਦੀਨ । ਜਾਹੁ ਰਾਜ ਸਿਰਮੋਰ ਕੇ ਮਿਲਹੁ ਭੂਪ ਤਬ ਚੀਨ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਭਾਈ ਸੰਤੋਖ ਸਿੰਘ - ਪੰਨਾ ੫੮੫੯ (ਭਾਸ਼ਾ ਵਿਭਾਗ) ਇਹ ਦੋਨੋ ਭਰਾ ਆਪਣੇ ਪਰਿਵਾਰਾਂ ਸਮੇਤ ਰਾਜੇ ਨਾਹਨ ਪਾਸ ਸਹੀ-ਸਲਾਮਤ ਪੁੱਜ ਗਏ। ਰਾਜੇ ਨਾਹਨ ਨੇ ਇਨ੍ਹਾਂ ਪਾਸੋਂ ਗੁਰੂ ਕਲਗੀਧਰ ਜੀ ਦਾ ਲਿਖਿਆ ਪੱਤਰ ਪੜ੍ਹ ਕੇ ਇਨ੍ਹਾਂ ਦਾ ਬਹੁਤ ਆਦਰ ਕੀਤਾ, ਰਿਹਾਇਸ਼ ਦਾ ਪ੍ਰਬੰਧ ਕਰ ਗੁਜਾਰੇ ਲਈ ਗਿਰਵੀ ਨਾਂ ਦਾ ਇੱਕ ਪਿੰਡ ਦੇ ਦਿੱਤਾ। ਗੁਰੂ ਪਾਤਸ਼ਾਹ ਜੀ ਦੋਨ੍ਹਾਂ ਭਰਾਵਾਂ ਨੂੰ ਵਿਦਾ ਕਰ ਇੱਕ ਉੱਚੀ ਟਿੱਬੀ ਵੱਲ ਵਧੇ, ਏਥੇ ਪਹੁੰਚਦਿਆਂ ਦੁਸ਼ਮਣ ਦੀ ਫੌਜ ਬਹੁਤ ਨੇੜੇ ਆ ਚੁੱਕੀ ਸੀ। ਭਾਈ ਉਦੈ ਸਿੰਘ ਜੀ ਵੱਲ ਪਾਤਸ਼ਾਹ ਜੀ ਨੇ ਨਜ਼ਰ ਮਾਰੀ, ਉਸਨੂੰ ਆਪਣਾ ਜੋੜਾ-ਜਾਮਾ ਬਖਸ਼ਿਸ਼ ਕੀਤਾ ਤੇ ਪੰਜਾਹ ਸਿੰਘਾਂ ਦਾ ਜਥਾ ਵੈਰੀ ਦਲ ਨੂੰ ਰੋਕਣ ਲਈ ਦਿੱਤਾ। ਸ਼ਾਹੀ ਟਿੱਬੀ ਆਨਿ ਕੈ ਖੜੇ ਭਏ ਤਿਹ ਥਾਨ। ਰਾਜਾ ਅਰੁ ਤੁਰਕਾਨ ਸਭ ਨਿਕਟਿ ਪਹੁੰਚੇ ਆਨ। ਉਦੇ ਸਿੰਘ ਲਲਕਾਰ ਕੈ ਖੁਸ਼ੀ ਕਰੀ ਕਰਤਾਰ। ਸਫਲ ਜਨਮੁ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ । ਸ੍ਰੀ ਗੁਰ ਸੋਭਾ - ਕਵੀ ਸੈਨਾਪਤਿ - ਪੰਨਾ ੭੪ (ਸੰਪਾਦਕ ਗੰਡਾ ਸਿੰਘ) ਭਾਈ ਉਦੈ ਸਿੰਘ ਜੀ ਨੇ ਆਪਣੀ ਵੀਰਤਾ ਦੇ ਉਹ ਜੌਹਰ ਦਿਖਾਏ ਕਿ ਦੁਸ਼ਮਣ ਨੂੰ ਪੂਰੀ ਦ੍ਰਿੜਤਾ ਨਾਲ ਬਹੁਤ ਦੇਰ ਤੱਕ ਅੱਗੇ ਨਾ ਵਧਣ ਦਿੱਤਾ। ਵੈਰੀ ਦਲ ਭਾਈ ਉਦੈ ਸਿੰਘ ਜੀ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਸਮਝੀ ਗਿਆ ਕਿਉਂਕਿ ਭਾਈ ਉਦੈ ਸਿੰਘ ਜੀ ਨੇ ਗੁਰੂ ਜੀ ਦਾ ਜੋੜਾ-ਜਾਮਾ ਪਹਿਨਿਆ ਹੋਇਆ ਸੀ। ਉਸ ਦਾ ਚਿਹਰਾ ਗੁਰੂ ਜੀ ਨਾਲ ਮਿਲਦਾ ਸੀ ਤੇ ਉਹ ਗੁਰੂ ਜੀ ਦਾ ਹਾਣੀ ਸੀ। ਵੈਰੀ ਨੇ ਗੁਰੂ ਜੀ ਜਾਣ ਬਹੁਤ ਭਾਰੀ ਹੱਲੇ ਕੀਤੇ, ਇਹ ਮਹਾਨ ਯੋਧਾ ਆਪਣੇ ਪੰਜਾਹ ਸਾਥੀ ਸਿੰਘਾਂ ਸਮੇਤ ਇਸ ਸ਼ਾਹੀ ਟਿੱਬੀ ਦੇ ਅਸਥਾਨ 'ਤੇ ਵੀਰ ਗਤੀ ਪ੍ਰਾਪਤ ਕਰ ਗਿਆ। ਕਦੇ ਇਸ ਸੂਰਮੇ ਨੇ ਅਨੰਦਪੁਰ ਸਾਹਿਬ ਵਿਖੇ ਰਾਜੇ ਕੇਸਰੀ ਚੰਦ ਦਾ ਸਿਰ ਵੱਢਕੇ ਗੁਰੂ ਕਲਗੀਧਰ ਜੀ ਸਾਹਮਣੇ ਪੇਸ਼ ਕੀਤਾ ਸੀ। ਇੱਕ ਵਾਰੀ ਤਾਂ ਵੈਰੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ। ਖੁਸ਼ੀ ਵਿੱਚ ਨਾਅਰੇ ਮਾਰਦਾ ਵੈਰੀ ਆਪਣੀ ਵੱਡੀ ਪ੍ਰਾਪਤੀ ਸਮਝਦਾ ਸੀ ਪਰ ਛੇਤੀ ਹੀ ਇਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਅੱਗੇ ਨਿਕਲ ਗਏ ਹਨ। ਇਹ ਪਤਾ ਲੱਗਦਿਆਂ ਹੀ ਇਨ੍ਹਾਂ ਦੀ ਖੁਸ਼ੀ ਮਿੱਟੀ ਵਿੱਚ ਮਿਲ ਗਈ। ਪਹਾੜੀ ਰਾਜੇ ਤੇ ਮੁਗਲ ਜਰਨੈਲ ਸ਼ਰਮ-ਧਰਮ ਗੁਆ ਚੁੱਕੇ ਸੀ। ਇਹ ਪੂਰੀ ਤਰ੍ਹਾਂ ਭੁਲਾ ਚੁੱਕੇ ਸੀ ਕਿ ਅਸੀਂ ਗਊ ਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਹਨ। ਇਹਨਾਂ ਦੀ ਜਮੀਰ, ਅਣਖ, ਗੈਰਤ ਤੇ ਮਨੁੱਖਤਾ ਪੂਰੀ ਤਰ੍ਹਾਂ ਮਰ ਚੁੱਕੀ ਸੀ। ਇਹ ਧਰਮ ਦੀਆਂ ਝੂਠੀਆਂ ਕਸਮਾਂ ਖਾਣ ਵਾਲੇ ਲੋਕ ਧਰਮ ਦੇ ਨਾਂ 'ਤੇ ਕਲੰਕ ਸਨ। ਇਹ ਅੱਤ ਸੁਆਰਥੀ ਲੋਕ ਗੁਰੂ ਜੀ ਨੂੰ ਫੜ ਕੇ ਜਾਂ ਮਾਰ ਕੇ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਸੀ, ਲਾਲਚ ਇਹਨਾਂ ਦੇ ਗਲ ਤੱਕ ਭਰਿਆ ਪਿਆ ਸੀ। ਇਹ ਅੱਤ ਦਰਜੇ ਦੇ ਕਮੀਨੇ ਲੋਕ ਸਨ। ਇਤਿਹਾਸ ਇਹਨਾਂ ਦੀ ਕਮੀਨਗੀ ਦੇ ਪੰਨੇ ਫੋਲ ਇਹਨਾਂ ਨੂੰ ਸਦਾ ਫਿਟਕਾਰਦਾ ਰਹੇਗਾ।