“ਨਦਰੀ ਮੋਖੁ ਦੁਆਰੁ”
“ਨਦਰੀ ਮੋਖੁ ਦੁਆਰੁ” – (ਬਾਣੀ ਜਪੁ) ਸੁਆਲ ਹੈ “ਨਦਰੀ ਮੋਖੁ ਦੁਆਰੁ” ਜਾਂ ‘ਵਡਭਾਗੀ’ ਵਾਲੀ ਗੱਲ ਬਣੇ ਕਿਵੇਂ? ਫ਼ੈਸਲਾ ਹੈ “ਗੁਰਮੁਖਿ ਵਡਭਾਗੀ ਵਡਭਾਗੇ, ਜਿਨ ਹਰਿ ਹਰਿ ਨਾਮੁ ਅਧਾਰੇ॥ ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ, ਗੁਰਮਤਿ ਭਗਤਿ ਭੰਡਾਰੇ” (ਪੰ: ੪੯੩) ਭਾਵ ਵਡਭਾਗੀ ਤਾਂ ਅਸਾਂ ਬਨਣਾ ਹੈ ਅਤੇ ਉਸਦਾ ਰਸ ਵੀ ਮਨਣਾ ਹੈ ਪਰ ਕਿਵੇਂ? ਗੁਰਦੇਵ ਇਸ ਨੂੰ, ਇਸ ਤਰ੍ਹਾਂ ਸਰਲ ਕਰ ਕੇ ਸਮਝਾ ਰਹੇ ਹਨ ਕਿ ਗੁਰੂ-ਗੁਰਬਾਣੀ ਦੀ ਆਗਿਆ-ਸਿਖਿਆ `ਤੇ ਚਲਣ ਵਾਲਾ ਮਨੁੱਖ ਹੀ ‘ਗੁਰਮੁਖ’ ਅਥਵਾ ਪ੍ਰਭੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ‘ਵਡਭਾਗੀ’ ਹੋ ਜਾਂਦਾ ਹੈ। ਕਿਉਂਕਿ ਅਜੇਹਾ ਜੀਊੜਾ ਹਰ ਸਮੇਂ ਹਰੀ ਰਸ ਵਾਲੇ, ਸਦਾ ਥਿਰ ਨਾਮ (ਸਿਫ਼ਤ ਸਲਾਹ) ਨਾਲ ਹੀ ਜੁੜਿਆ ਹੁੰਦਾ ਹੈ।