Nadri Mokh Duaar- Part-4 – 15-8-26

“ਨਦਰੀ ਮੋਖੁ ਦੁਆਰੁ”

“ਜਿਨਾ ਸਤਿਗੁਰੁ ਪੁਰਖੁ ਨ ਭੇਟਿਓ” – ਗੁਰਬਾਣੀ ਅਨੁਸਾਰ ‘ਭਾਗ’ – ‘ਵਡਭਾਗੀ’ ਵਾਲੀ ਅਵਸਥਾ ਪ੍ਰਾਪਤ ਕਰਣ ਲਈ ਹੀ ਪ੍ਰਭੂ ਵਲੋਂ ਮਨੁੱਖਾ ਜਨਮ ਮਿਲਿਆ ਹੈ। ਜੇਕਰ ਸਾਧ ਸੰਗਤ `ਚ ਆ ਕੇ ‘ਗੁਰੂ-ਗੁਰਬਾਣੀ’ ਦੀ ਕਮਾਈ ਕਰ ਕੇ ਹਉਮੈ ਆਦਿ ਵਿਕਾਰਾਂ ਨੂੰ ਤਿਆਗ, ਜੀਵਨ ਸਫ਼ਲ ਕਰ ਲਿਆ ਤਾਂ ਠੀਕ, ਨਹੀਂ ਤਾਂ “ਜਿਨਾ ਸਤਿਗੁਰੁ ਪੁਰਖੁ ਨ ਭੇਟਿਓ, ਸੇ ਭਾਗਹੀੇਣ ਵਸਿ ਕਾਲ” (ਪੰ: ੪੦) ਮਨੁੱਖ ਨੂੰ ਮੁੜ, ਜਨਮ-ਮਰਣ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ, ਮਨੁੱਖਾ ਜਨਮ ਲੈ ਕੇ ਵੀ ਮਨੁੱਖ ‘ਭਾਗਹੀਣ’ ਹੀ ਰਹਿ ਜੰਦਾ ਹੈ।

“ਭਾਗ ਸੰਤਨ ਸੰਗਾਨੇ. .” (ਪੰ: ੩੩੫) ਗੁਰਬਾਣੀ ਵਿਚਲੀ ‘ਭਾਗ’ ਵਾਲੀ ਅਵਸਥਾ ਤਾਂ ਕੇਵਲ ਸਾਧ ਸੰਗਤ `ਚ ਪੁੱਜ ਕੇ, ਗੁਰਬਾਣੀ ਦੀ ਕਮਾਈ ਨਾਲ ਹੀ ਪ੍ਰਾਪਤ ਹੋਣੀ ਹੈ। ਇਥੇ ਤਾਂ “ਸੇ ਵਡਭਾਗੀ ਵਡ ਜਾਣੀਅਹਿ, ਜਿਨ ਹਰਿ ਰਸੁ ਖਾਧਾ, ਗੁਰ ਭਾਇ” (ਪੰ: ੪੧) ਇਸ ਲਈ ਗੁਰਮੱਤ ਅਨੁਸਾਰ ਜਦੋਂ ਗੁਰਬਾਣੀ `ਚ ਲਫ਼ਜ਼ ‘ਭਾਗ, ਵਡਭਾਗੀ, ਭਾਗਹੀਣ, ਅਭਾਗਾ’ ਆਦਿ ਆਉਂਦੇ ਹਨ ਤਾਂ ਉਨ੍ਹਾਂ ਦੇ ਅਰਥ ਅਨਮਤੀ ਬ੍ਰਾਹਮਣੀ ਕਿਸਮਤ ਜਾਂ ਪ੍ਰਚਲਤ ਭਾਗ ਵਾਲੇ ਨਹੀਂ, ਨਿਵੇਕਲੇ ਹਨ। ਗੁਰਬਾਣੀ ਵਿੱਚਲੇ ‘ਭਾਗ’ ਜਾਂ ‘ਵਡਭਾਗੀ’ ਆਦਿ ਲਫ਼ਜ਼ਾਂ ਦੇ ਸਹੀ ਅਰਥ ਗੁਰਬਾਣੀ ਦਾਇਰੇ ਤੋਂ ਬਾਹਰ ਜਾ ਕੇ ਤਾਂ ਸਮਝ `ਚ ਆਉਣਗੇ ਹੀ ਨਹੀਂ। ਤਾਂ ਤੇ ਜੇਕਰ ਅਸਾਂ ਇਨ੍ਹਾਂ ਦੇ ਗੁਰਮੱਤ ਅਰਥਾਂ ਨੂੰ ਸਮਝਣਾ ਹੈ ਤਾਂ ਜ਼ਰੂਰੀ ਹੈ ਕਿ ਪਹਿਲਾਂ ਆਪਣੇ ਦਿਮਾਗ਼ ਵਿਚੋਂ ਅਨਮਤੀ ਬ੍ਰਾਹਮਣੀ ਕਿਸਮਤ-ਭਾਗ-ਪ੍ਰਾਲਬੱਧ ਦੇ ਨਾਲ ਨਾਲ ਇਸ ਸੰਬੰਧ `ਚ ਵਰਤੇ ਜਾ ਰਹੇ ਦੂਜੇ ਹੋਰ ਅਨੇਕਾ ਅਨਮਤੀ ਲਫ਼ਜ਼ ਬਖ਼ਤ-ਨਸੀਬ, ਅੰਗ੍ਰੇਜ਼ੀ ਲਫ਼ਜ਼ ‘ਫੇਟ’ (fate) ਆਦਿ ਨੂੰ ਵੀ ਭੁਲਾਅ ਕੇ, ਤਾਂ ਸਮਝੀਏ।

You may also like these