Har Bin tero Ko Na Sahai – 1-9-25

ੴ ਸਤਿਗੁਰ ਪ੍ਰਸਾਦਿ ॥ ਰਾਗੁ ਸਾਰੰਗ ਮਹਲਾ ੯ ॥
ਹਰਿ ਬਿਨੁ ਤੇਰੋ ਕੋ ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥ ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥ ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥ {ਪੰਨਾ 1231}

ਅਰਥ: ਹੇ ਭਾਈ! ਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ। ਹੇ ਭਾਈ! ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ।1। ਰਹਾਉ।

ਹੇ ਭਾਈ! ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ, ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ। ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ?।1।

ਹੇ ਭਾਈ! ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ। ਨਾਨਕ ਆਖਦਾ ਹੈ– ਹੇ ਭਾਈ! ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ।2।1।

You may also like these