ਧਨਾਸਰੀ ਮਹਲਾ ੯ ॥
ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥ ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥ ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥ ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥ {ਪੰਨਾ 685}
ਅਰਥ: ਹੇ ਭਾਈ! ਜਿਸ (ਜੋਗੀ) ਦੇ ਹਿਰਦੇ ਵਿਚ ਮੈਂ ਲੋਭ ਮਾਇਆ ਦੇ ਮੋਹ ਅਤੇ ਮਮਤਾ (ਦੀਆਂ ਲਹਰਾਂ ਉੱਠ ਰਹੀਆਂ) ਵੇਖਦਾ ਹਾਂ, ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ (ਸਹੀ) ਜੀਵਨ-ਜਾਚ (ਅਜੇ) ਨਹੀਂ ਆਈ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ, ਜੇਹੜਾ ਮਨੁੱਖ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ।੧।
ਹੇ ਨਾਨਕ! ਆਖ-(ਹੇ ਭਾਈ!) ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਕੇ ਟਿਕਾ ਲਿਆ ਹੈ, ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ।੨।੩।
ਧਨਾਸਰੀ ਮਹਲਾ ੯ ॥
ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥ {ਪੰਨਾ 684}
ਅਰਥ: ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ। ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ।੧।ਰਹਾਉ।
ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ। ਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ।੧।
ਜੇਹੜਾ ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ। ਹੇ ਦਾਸ ਨਾਨਕ! ਆਖ-) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ।੨।੨।