ਇਕ ਹੋਰ ਵਿਸ਼ੇਸ਼ ਗੱਲ ਕਿ ਕਿਤੇ ਕਿਤੇ ਪੰਚਮ ਪਾਤਸ਼ਾਹ ਨੇ ਆਪ ਹੀ ਇਨ੍ਹਾਂ ‘ਅੰਕਾਂ’ ਦਾ ਮਤਲਬ ਵੀ ਸਮਝਾ ਕੇ ਸੇਧ ਦਿੱਤੀ ਹੈ ਕਿ ਇਸੇ ਹਦਾਇਤ ਹਰ ਥਾਂ ਵਰਤ ਲਿਆ ਜਾਵੇ। ਮਿਸਾਲ ਵਜੋਂ (੧) ੧੪੩੦ ਪੰਨਿਆਂ ਵਾਲੀ ‘ਬੀੜ’ ਦਾ ਪੰਨਾ ੬੪, ਮਹਲੇ ਪਹਿਲੇ ਦੀਆਂ ੧੭ ਅਸ਼ਟਪਦੀਆਂ ਮੁੱਕਣ `ਤੇ ਅੰਕ ੧੭ ਵਰਤਣ ਤੋਂ ਬਾਅਦ ਇਹ ਵੀ ਲਿਖਿਆ ਹੈ- ‘ਮਹਲੇ ਪਹਿਲੇ ਸਤਾਰਹ ਅਸ਼ਟਪਦੀਆਂ’, (੨) ਪੰਨਾ ੯੬, ਰਾਗ ਮਾਝ, ਚਉਪਦੇ ਮ: ੪ ਮੁੱਕਣ `ਤੇ ਅੰਕ ੭ ਲਿਖ ਕੇ ਅੱਗੇ ਲਿਖਿਆ ਹੈ, ‘ਸਤ ਚਉਪਦੇ ਮਹਲੇ ਚਉਥੇ ਕੇ’, (੩) ਪੰਨਾ ੨੨੮ ਰਾਗ ਗਉੜੀ, ੧੬ ਅਸ਼ਟਪਦੀਆਂ ਦੇ ਅਖ਼ੀਰ `ਤੇ ਅੰਕ ੧੬ ਦੇ ਕੇ ਲਿਖਿਆ ਹੈ, ‘ਸੋਲਹ ਅਸ਼ਟਪਦੀਆਂ ਗੁਆਰੇਰੀ ਗਉੜੀ ਕੀਆਂ’, (੪) ਪੰਨਾ ੩੩੦ ਰਾਗ ਗਉੜੀ; ਕਬੀਰ ਜੀ ਦੇ ਸ਼ਬਦਾਂ ਦੇ ਅਖ਼ੀਰ `ਤੇ ਅੰਕ ੩੫ ਲਿਖ ਕੇ, ‘ਗਉੜੀ ਗੁਆਰੇਰੀ ਕੇ ਪਦੇ ਪੈਤੀਸ।’ ਇਸ ਦੇਣ ਦਾ ਵੱਡਾ ਲਾਭ ਹੈ ਕਿ ਕਿਸੇ ਸ਼ਬਦ ਨੂੰ ਢੂੰਡਣ `ਚ ਸਹੂਲਿਅਤ ਤਾਂ ਹੁੰਦੀ ਹੀ ਹੈ ਇਸਦੇ ਨਾਲ ਹੀ ਇਨ੍ਹਾਂ ‘ਅੰਕਾਂ’ ਦਾ ਲਾਭ ਇਹ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਕੋਈ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਲੋਕਾਂ ਨੇ ਲਿਖਤੀ ਬੀੜਾਂ `ਚ ਕੋਈ ਵਾਧਾ ਕੀਤਾ ਵੀ ਹੈ ਤਾਂ ਉਹ ਮੁੰਦਾਵਣੀ ਮਹਲਾ ੫ ਅਤੇ ਸਲੋਕ ਮਹਲਾ ੫ ਤੋਂ ਅਗਾਂਹ ਹੀ ਕਰ ਸਕੇ ਹਨ, ਓਦੋਂ ਪਹਿਲਾਂ ਨਹੀਂ।