Sabh Kich Jivat Kau Bivhaar – 4-11-25

ਦੇਵਗੰਧਾਰੀ ਮਹਲਾ ੯ ॥
ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥ ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥ {ਪੰਨਾ 536}

ਅਰਥ: ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ-ਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ।੧।ਰਹਾਉ।

ਹੇ ਭਾਈ! ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ। ਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ।੧।

ਹੇ ਭਾਈ! ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਤ੍ਰਿਹਾਏ ਹਰਨ ਦੇ ਪਾਣੀ ਪਿੱਛੇ ਦੌੜਨ ਵਾਂਗ ਮਨੁੱਖ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ। ਹੇ ਨਾਨਕ! ਆਖ-(ਹੇ ਭਾਈ!) ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ।੨।੨।

You may also like these