History of the days after Guru Gobind Singh Ji left Anandpur Sahib – 5-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ


ਪਹਿਲੀ ਰਾਤ
ਭਾਗ-1
ਪਿਛਲੇ ਦੋ ਦਿਨਾਂ ਤੋਂ ਪਹਾੜਾਂ ਵਿੱਚ ਮੀਂਹ ਪੈਣ ਕਾਰਨ ਸਰਸਾ ਵਿੱਚ ਹੜ੍ਹ ਆਇਆ ਹੋਇਆ ਸੀ। ਪਿੱਛੋਂ ਵੈਰੀ ਦੇ ਅਚਨਚੇਤ ਹੱਲੇ ਨੇ ਹਫੜਾ-ਦਫੜੀ ਮਚਾ ਦਿੱਤੀ। ਕਿਸੇ ਨੂੰ ਕੁਝ ਨਾ ਸੁੱਝਿਆ, ਜਿੱਧਰ ਵੀ ਰਾਹ ਮਿਲਿਆ ਉੱਧਰ ਹੀ ਜਾਣ ਦੀ ਸੋਚੀ। ਦਾਦੀ ਮਾਂ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਪਰਿਵਾਰ ਨਾਲੋਂ ਵਿੱਛੜ ਸਰਸਾ ਨਦੀ ਕਿਨਾਰੇ ਜਿੱਧਰ ਨੂੰ ਪਾਣੀ ਦਾ ਵਹਾ ਜਾਂਦਾ ਸੀ ਨਾਲ-ਨਾਲ ਹੋ ਤੁਰੇ। ਦਾਦੀ ਮਾਂ ਨਿੱਕੀਆਂ ਜਿੰਦਾਂ ਨੂੰ ਜੁਲਮ ਦੀ ਮਾਰ ਤੋਂ ਬਚਾਉਂਦੀ ਝਾੜੀਆਂ-ਝੰਬਾਂ ਵਿੱਚ ਜਾ ਬੈਠੀ। ਇਹਨਾਂ ਨਾਲ ਕੋਈ ਵੀ ਸੇਵਾਦਾਰ ਨਾ ਰਿਹਾ, ਸਿਵਾਏ ਇੱਕ ਖੱਚਰ ਦੇ ਸਭ ਆਸਰੇ ਖਿੰਡ ਗਏ। ਖੱਚਰ ਤੇ ਇੱਕ ਖੁਰਜੀ ਵਿੱਚ ਕੁਝ ਕੱਪੜੇ, ਮੋਹਰਾਂ ਤੇ ਮਾਇਆ ਸੀ। ਇਸ ਮਾਇਆ ਦਾ ਲਾਭ ਵੀ ਵਕਤਾਂ ਭਰੇ ਸਮੇਂ ਵਿੱਚ ਨਾ ਹੋਇਆ। ਬਹੁਤ ਚਿਰ ਝਾੜੀਆਂ ਵਿੱਚ ਬੈਠ ਦਾਦੀ ਮਾਂ ਮਾਸੂਮਾਂ ਨੂੰ ਨਾਲ ਲੈ ਅੱਗੇ ਚੱਲ ਪਈ। ਨਿੱਕੀਆਂ ਜਿੰਦਾਂ ਨੇ ਕਦੇ ਇਹੋ ਜਿਹੇ ਰਾਹ ਨਹੀਂ ਸੀ ਦੇਖੇ, ਉਹਨਾਂ ਦੇ ਨਰਮ ਪੈਰਾਂ ਨੂੰ ਇਹ ਰਸਤੇ ਪੱਥਰ ਦੀ ਨਿਆਈ ਸੀ । ਅਨੰਦਪੁਰ ਸਾਹਿਬ ਤਾਂ ਉਨ੍ਹਾਂ ਦੇ ਖਿਡਾਵੇ ਦਾਸ-ਦਾਸੀਆਂ ਨੇ ਉਹਨਾਂ ਦੇ ਨਿੱਕੇ ਤੇ ਕੋਮਲ ਪੈਰ ਭੁਇੰ ਨਹੀਂ ਸੀ ਲੱਗਣ ਦਿੱਤੇ । ਬਿਰਧ ਦਾਦੀ ਮਾਂ ਦਾ ਸਰੀਰ ਵੀ ਇਹਨਾਂ ਰਾਹਾਂ ਦਾ ਹਾਣੀ ਨਹੀਂ ਸੀ, ਪਰ ਕੀਤਾ ਕੀ ਜਾਵੇ ਸਮੇਂ ਦਾ ਗੇੜ ਹੀ ਐਸਾ ਲੱਗਾ ਕਿ ਦੁੱਖਾਂ ਦੇ ਰਾਹ ਲੰਮੇਰੇ ਹੋ ਗਏ। ਦੋਨੇ ਵੀਰ ਖੱਚਰ ‘ਤੇ ਬੈਠੇ ਨੇ, ਦਾਦੀ ਮਾਂ ਅੱਗੇ-ਅੱਗੇ ਤੁਰੀ ਜਾਂਦੀ। ਚਾਰੋਂ ਤਰਫ ਵਾਰ-ਵਾਰ ਤੱਕਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਢੂੰਡਦੇ ਹਨ। ਕਈ ਵਾਰ ਪਿਤਾ ਦਾ ਅੱਖਾਂ ਨੂੰ ਭੁਲੇਖਾ ਲੱਗਦਾ ਹੈ।

ਰਸਤੇ ਸੇ ਜਬ ਭਟਕ ਗਏ ਨੰਨ੍ਹੇ ਸਵਾਰ ਥੇ।
ਤਕਤੇ ਪਿਤਾ ਕੋ ਚਾਰੋਂ ਤਰਫ ਬਾਰ ਬਾਰ ਥੇ।
ਅੱਲ੍ਹਾ ਯਾਰ ਖਾਂ ਯੋਗੀ

ਦਾਦੀ ਮਾਂ ਨੂੰ ਪੁੱਛਦੇ ਨੇ ਕਿ ਆਪਣੇ ਸਿੰਘ-ਸਿਪਾਹੀ ਕਿੱਥੇ ਚਲੇ ਗਏ। ਵੱਡੇ ਵੀਰ ਤੇ ਮਾਤਾਵਾਂ ਆਪਾਂ ਨੂੰ ਨਦੀ ਕਿਨਾਰੇ ਕਿਉਂ ਛੱਡ ਗਏ। ਪਿਤਾ ਜੀ ਸਾਨੂੰ ਵਿਛੋੜ ਕੇ ਸਿੰਘਾਂ ਦੇ ਲਸ਼ਕਰ ਨੂੰ ਕਿੱਧਰ ਲੈ ਗਏ।

ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ।
ਦਰਯਾ ਪਿ ਛੋੜ ਕੇ ਰਾਹੀ ਕਿਧਰ ਗਏ।
ਤੜਫਾ ਕਿ ਹਾਇ ਸੂਰਤਿ ਮਾਹੀ ਕਿਧਰ ਗਏ।
ਅੱਲ੍ਹਾ ਯਾਰ ਖਾਂ ਯੋਗੀ

ਨਿੱਕੀਆਂ ਜਿੰਦਾਂ ਨੂੰ ਦਿਲਾਸਾ ਦੇਂਦੀ, ਸਿਦਕ ਦੀਆਂ ਬਾਤਾਂ ਪਾਉਂਦੀ ਦਾਦੀ ਮਾਂ ਤੁਰੀ ਜਾਂਦੀ। ਆਪਣਾ ਘਰ ਛੇਤੀ ਆ ਜਾਵੇਗਾ, ਤੁਹਾਡੇ ਵੀਰਾਂ ਨੂੰ, ਮਾਤਾ-ਪਿਤਾ ਨੂੰ ਛੇਤੀ ਮਿਲਾ ਦਿਆਂਗੀ, ਇਵੇਂ ਕਹਿ ਮਾਤਾ ਹੌਂਸਲਾ ਦੇ ਗੰਭੀਰ ਸੋਚ ਵਿੱਚ ਡੁੱਬੇ ਚਿੱਤ ਨੂੰ ਪ੍ਰਮਾਤਮਾ ਨਾਲ ਜੋੜ, ਬਿਖੜੇ ਰਾਹ ਦੀ ਵਾਟ ਨਿਬੇੜਦੀ ਤੁਰੀ ਜਾਂਦੀ ਸੀ। ਦੋਨੋ ਵੀਰ ਫਿਰ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਨੇ। ਇੱਕ-ਦੂਜੇ ਨੂੰ ਕਹਿੰਦੇ ਕਿ ਹੁਣ ਜਦੋਂ ਮਾਤਾ-ਪਿਤਾ ਜੀ ਤੇ ਭਰਾ ਮਿਲਣਗੇ ਆਪਾਂ ਰੁੱਸ ਜਾਵਾਂਗੇ, ਕਦੇ ਮਾਤਾਵਾਂ, ਕਦੇ ਪਿਤਾ ਜੀ ਤੇ ਕਦੇ ਵੱਡੇ ਵੀਰ ਆਪਾਂ ਨੂੰ ਬਹੁਤ ਮਨਾਉਣਗੇ, ਨਹੀਂ ਮੰਨਾਗੇ ਰੁੱਸੇ ਰਹਾਂਗੇ, ਹੁਣ ਤਾਂ ਮੰਨ ਜਾਵੋ, ਸਾਰੇ ਵਾਰ-ਵਾਰ ਕਹਿਣਗੇ।

ਜਬ ਰਨ ਅਜੀਤ ਜੀਤ ਕੇ ਤਸ਼ਰੀਫ ਲਾਏਗੇਂ।
ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਗੇਂ।
ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇਂ।
ਹਮ ਕੋ ਗਲੇ ਲਗਾ ਕੇ ਕਹੇਂਗੇ ਬਾਰ ਬਾਰ।
ਮੰਨ ਜਾਉ ਲੇਕਿਨ ਹਮ ਨਹੀਂ ਮਾਨੇਗੇ ਜਿਨਹਾਰ।
ਅੱਲ੍ਹਾ ਯਾਰ ਖਾਂ ਯੋਗੀ

ਜਦੋਂ ਸਾਰੇ ਇਕਰਾਰ ਕਰਨਗੇ ਕਿ ਅੱਗੇ ਤੋਂ ਤੁਹਾਨੂੰ ਇਕੱਲਿਆਂ ਨੂੰ ਛੱਡਕੇ ਨਹੀਂ ਜਾਵਾਂਗੇ, ਸਾਨੂੰ ਕਦੇ ਵੀ ਭੁਲਾਉਣਾ ਨਹੀਂ, ਆਪਣੇ ਨਾਲੋਂ ਕਦੇ ਨਾ ਵਿਛੋੜਨਾ, ਇਹ ਸਭ ਇਕਰਾਰ ਕਰਾ ਮੰਨਾਗੇ।

ਇਕਰਾਰ ਲੇਗੇਂ ਸਭ ਸੇ ਭੁਲਾਨਾ ਨ ਫਿਰ ਕਭੀ।
ਬਾਰਿ ਦਿਗਰ ਬਿਛੁੜ ਕੇ ਸਤਾਨਾ ਨ ਫਿਰ ਕਭੀ।
ਹਮ ਕੋ ਇਕੇਲੇ ਛੋੜ ਕੇ ਜਾਨਾ ਨ ਫਿਰ ਕਭੀ।
ਬੱਚੋਂ ਕੀ ਗੁਫਤਗੂ ਜੋ ਸੁਨੀ ਦਾਦੀ ਜਾਨ ਨੇ।
ਬੇਇਖ਼ਤਿਆਰ ਰੋ ਦੀਆ ਉਸ ਵਾਲਾ ਸ਼ਾਨ ਨੇ ।
ਅੱਲ੍ਹਾ ਯਾਰ ਖਾਂ ਯੋਗੀ

ਮਾਸੂਮ ਜਿੰਦਾਂ ਦੇ ਇਹ ਬੋਲ ਦਾਦੀ ਮਾਂ ਨੂੰ ਧੁਰ ਸੀਨੇ ਤਾਂਈ ਹਿਲਾ ਗਏ। ਉਸਨੇ ਮੁੱਖ ਚੁੰਮ ਸੀਨੇ ਨਾਲ ਲਾ ਢੇਰ ਸਾਰਾ ਪਿਆਰ ਕੀਤਾ। ਏਸੇ ਤਰ੍ਹਾਂ ਸਰਸਾ ਕਿਨਾਰੇ ਝੱਲ- ਝਾੜੀਆਂ ਵਿੱਚਦੀ ਲੰਘਦਿਆਂ-ਚਲਦਿਆਂ ਨੂੰ ਅੱਗੇ ਦਰਿਆ ਆ ਗਿਆ। ਏਥੇ ਆ ਕੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ। ਇਸਨੂੰ ਸਤਲੁਜ ਤੇ ਸਰਸਾ ਦਾ ਕਿਨਾਰਾ ਕਿਹਾ ਜਾਂਦਾ ਹੈ। ਇਹ ਪਿੰਡ ਚੱਕ ਢੇਰਾ ਦਾ ਸਤਲੁਜ ਦਾ ਪੱਤਣ ਕਾਗਜਾਂ ਵਿੱਚ ਬਹੁਤ ਪੁਰਾਣਾ ਤੇ ਹੁਣ ਵੀ ਬੋਲਦਾ ਹੈ। ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਅੱਗੇ ਦੋ ਹੀ ਪੱਤਣ ਕਾਗਜਾਂ ਵਿੱਚ ਬੋਲਦੇ ਨੇ ਜੋ ਸਰਸਾ ਨਦੀ ਦੇ ਨੇੜੇ ਹਨ। ਪਹਿਲਾ ਪਿੰਡ ਅਵਾਨਕੋਟ ਦਾ ਪੱਤਣ ਹੈ ਤੇ ਦੂਜਾ ਪਿੰਡ ਚੱਕ ਢੇਰਾ ਦਾ ਪੱਤਣ ਹੈ। ਅਵਾਨਕੋਟ ਦੇ ਪੱਤਣ ਤੋਂ ਇਹ ਰਸਤਾ ਦਰਿਆ ਪਾਰ ਕਰ ਨੂਰਪੁਰ ਬੇਦੀ ਤੇ ਅਨੰਦਪੁਰ ਸਾਹਿਬ ਵੱਲ ਚਲਾ ਜਾਂਦਾ ਹੈ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਇਸ ਰਸਤੇ ਜਾਂ ਇਸ ਪੱਤਣ ‘ਤੇ ਆਉਣਾ ਕੋਈ ਤੁਕ ਨਹੀਂ ਰੱਖਦਾ ਕਿਉਂਕਿ ਵੈਰੀ ਦਲ ਅਨੰਦਪੁਰ ਸਾਹਿਬ ਵੱਲੋਂ ਹੀ ਆ ਰਿਹਾ ਸੀ। ਨੂਰਪੁਰ ਬੇਦੀ ਦੇ ਸਾਰੇ ਰਸਤੇ ਵੈਰੀ ਨੇ ਮੱਲੇ ਹੋਏ ਸੀ। ਸਰਸਾ ਪਹਾੜਾਂ ਵਿੱਚੋਂ ਨਿਕਲ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ। ਪਹਾੜਾਂ ਵਾਲੇ ਪਾਸੇ ਨੂੰ ਮਾਤਾ ਜੀ ਤੇ ਸਾਹਿਬਜ਼ਾਦੇ ਨਹੀਂ ਗਏ ਕਿਉਂਕਿ ਉੱਪਰੋਂ ਪਹਾੜੀ ਰਾਜੇ ਦੁਸ਼ਮਣ ਬਣ ਚੁੱਕੇ ਸੀ।
ਅਗਲਾ ਭਾਗ………

You may also like these