ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
ਦੂਜੀ ਰਾਤ
ਭਾਗ-4
ਇਸ ਦੁਸ਼ਟ ਨੇ ਕਿਹਾ ਕਿ ਮਾਤਾ ਜੀ ਆਪਾਂ ਮੇਰੇ ਘਰ ਨੂੰ ਚੱਲ ਚੱਲੀਏ, ਜਦੋਂ ਸਮਾਂ ਠੀਕ ਹੋ ਜਾਵੇਗਾ ਤਾਂ ਮੈਂ ਗੁਰੂ ਜੀ ਦਾ ਪਤਾ ਕਰਕੇ ਤੁਹਾਨੂੰ ਉਨ੍ਹਾਂ ਕੋਲ ਪਹੁੰਚਾ ਦੇਵਾਂਗਾ। ਵਖਤਾਂ ਦੀ ਮਾਰੀ ਦਾਦੀ ਮਾਂ ਆਪਣੇ ਪੋਤਿਆਂ ਨੂੰ ਨਾਲ ਲੈ ਕੇ ਗੰਗੂ ਨਾਲ ਔਝੜ ਰਾਹਾਂ ਵੱਲ ਨੂੰ ਤੁਰ ਪਈ। ਅੱਗੇ ਕਿੱਥੇ ਜਾਣਾ ਏ, ਇਸ ਬਾਰੇ ਸਿਵਾਏ ਗੰਗੂ ਦੇ ਹੋਰ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸਾਹਿਬਜ਼ਾਦਿਆਂ ਜਿਆਦਾ ਸਫਰ ਖੱਚਰ ‘ਤੇ ਬੈਠਕੇ ਕੀਤਾ। ਮਾਤਾ ਜੀ ਬਿਰਧ ਸਰੀਰ ਨੂੰ ਨਾਮ ਆਸਰੇ ਤੋਰੀ ਗਏ। ਚਲਦਿਆਂ- ਚਲਦਿਆਂ ਰਾਤ ਪੈ ਗਈ। ਗੰਗੂ ਇਹਨਾਂ ਨੂੰ ਦਰੱਖਤਾਂ ਦੀ ਇੱਕ ਸੰਘਣੀ ਝਿੜੀ ਵਿੱਚ ਇੱਕ ਢਾਬ (ਬਾਅਦ ਦੇ ਸਮੇਂ ‘ਚ ਢਾਬ ਤੋਂ ਤਲਾਅ ਬਣਾਇਆ ਗਿਆ) ਕਿਨਾਰੇ ਲੈ ਗਿਆ। ਮਾਤਾ ਜੀ ਨੂੰ ਕਿਹਾ ਕਿ ਰਾਤ ਏਥੇ ਹੀ ਕੱਟ ਲੈਂਦੇ ਹਾਂ, ਸਵੇਰ ਹੁੰਦੇ ਸਾਰ ਮੇਰੇ ਪਿੰਡ ਨੂੰ ਚਲੇ ਜਾਵਾਂਗੇ, ਏਥੇ ਕੋਈ ਖਤਰਾ ਨਹੀਂ। ਦਾਦੀ ਮਾਂ ਨੇ ਮਜਬੂਰੀ ਵੱਸ ਏਥੇ ਰਹਿਣਾ ਹੀ ਮਨਜੂਰ ਕਰ ਲਿਆ। ਦਰੱਖਤਾਂ ਦੀ ਝਿੜੀ ਸੰਘਣੀ ਹੋਣ ਕਰਕੇ ਠੰਡ ਤੋਂ ਵੀ ਕੁਝ ਬਚਾਅ ਸੀ। ਮਾਤਾ ਜੀ ਨੇ ਭੁੰਜੇ ਧਰਤੀ ‘ਤੇ ਆਸਣ ਵਿੱਚ ਵਿਛਾਉਣੇ ਦੇ ਥੱਲੇ ਮਾਇਆ ਦੀ ਥੈਲੀ ਸੰਭਾਲ ਲਈ ਤੇ ਸਾਹਿਬਜਾਦਿਆਂ ਨੂੰ ਲੈ ਕੇ ਉੱਥੇ ਬੈਠ ਗਏ। ਗੰਗੂ ਨੇ ਖੱਚਰ ਉੱਤੋਂ ਸਾਰਾ ਸਮਾਨ ਥੱਲੇ ਉਤਾਰ ਕੇ ਉਸ ਨੂੰ ਨੇੜੇ ਹੀ ਦਰੱਖਤ ਨਾਲ ਬੰਨ੍ਹ ਕੇ ਘਾਹ-ਪੱਠਾ ਪਾ ਦਿੱਤਾ। ਸਭ ਨੇ ਮਾਈ ਲੱਛਮੀ ਵੱਲੋਂ ਰਸਤੇ ਲਈ ਦਿੱਤਾ ਭੋਜਨ ਛਕ ਕੇ ਤਲਾਅ ਤੋਂ ਪਾਣੀ ਪੀ ਪ੍ਰਮਾਤਮਾ ਦਾ ਸ਼ੁਕਰ ਕੀਤਾ। ਮਾਈ ਲੱਛਮੀ ਨੇ ਗਰਮ ਭਾਰਾ ਕੱਪੜਾ ਵੀ ਤੁਰਨ ਲੱਗਿਆਂ ਦੇ ਦਿੱਤਾ ਸੀ ਕਿ ਵਾਟ ਸਖਤ ਤੇ ਠੰਡੀ ਸਰਦੀ ਵਾਲੀ ਹੈ। ਮਾਤਾ ਜੀ ਦੋਵੇਂ ਜਿੰਦਾਂ ਨੂੰ ਆਪਣੇ ਆਸੇ-ਪਾਸੇ ਲਾ ਉਹ ਕੱਪੜਾ ਉੱਪਰ ਲੈ ਕੇ ਲੇਟ ਗਏ ਤੇ ਸਾਹਿਬਜਾਦਿਆਂ ਨੂੰ ਗੁਰੂ ਘਰ ਦੀਆਂ ਸਾਖੀਆਂ ਸੁਣਾ ਸਦਾ ਚੜ੍ਹਦੀਆਂ ਕਲਾ ਵਿੱਚ ਰਹਿਣ ਲਈ ਦਿੜ ਕਰਦੇ ਰਹੇ। ਕੀਮਤੀ ਵਿਛਾਉਣਿਆਂ ‘ਤੇ ਸੌਣ ਵਾਲੇ, ਮਹਿਲਾਂ ਵਿੱਚ ਰਹਿਣ ਵਾਲੇ ਅੱਜ ਨੀਲੇ ਆਕਾਸ਼ ਦੀ ਛੱਤ ਥੱਲੇ ਇਸ ਅੰਧੇਰੀ ਝਿੜੀ ਵਿੱਚ ਤਿੰਨੋ ਜੀਅ ਤਲਾਅ ਕਿਨਾਰੇ ਰੱਬੀ ਭਾਣੇ ਅੰਦਰ ਭਾਇ ‘ਤੇ ਵਿਰਾਜ ਗਏ। ਗੰਗੂ ਵੀ ਨੇੜੇ ਹੀ ਢੀਠ ਜਿਹਾ ਹੋ ਕੇ ਪੈ ਗਿਆ। ਇਸਦਾ ਪਿੰਡ ਇਸ ਤਲਾਅ ਵਾਲੀ ਝਿੜੀ ਤੋਂ ਅਗਲਾ ਪਿੰਡ ਸੀ ਪਰ ਇਸ ਕਮੀਨੇ ਨੇ ਮਾਤਾ ਜੀ ਨੂੰ ਇਸਦਾ ਭੇਦ ਨਹੀਂ ਸੀ ਲੱਗਣ ਦਿੱਤਾ। ਇਹ ਤਾਂ ਬਾਹਰੋਂ-ਬਾਹਰ ਉਹਨਾਂ ਤੋਂ ਮਾਇਆ ਚੁਰਾਉਣੀ ਚਾਹੁੰਦਾ ਸੀ। ਸਾਹਿਬਜ਼ਾਦੇ ਸਾਰੇ ਦਿਨ ਦੇ ਸਫਰ ਦੇ ਥੱਕੇ ਹੋਏ ਛੇਤੀ ਸੌਂ ਗਏ। ਬਿਰਧ ਦਾਦੀ ਮਾਂ ਦਾ ਸਰੀਰ ਜਿਆਦਾ ਸਫਰ ਦੇ ਥਕੇਵੇਂ ਨੇ ਭੰਨ ਸੁੱਟਿਆ, ਉਹ ਜਿਆਦਾ ਥੱਕ ਜਾਣ ਕਾਰਨ ਤੇ ਪਰਿਵਾਰ ਦੀਆਂ ਸੋਚਾਂ-ਸੋਚਦੀ ਗੂੜ੍ਹੀ ਨੀਂਦ ਨਾ ਸੌਂ ਸਕੀ। ਜਿਸ ਤਲਾਅ ਕਿਨਾਰੇ ਦੂਜੀ ਰਾਤ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਪਰਿਵਾਰ ਨਾਲੋਂ ਵਿੱਛੜ ਕੇ ਗੁਜਾਰੀ ਉਸਦੀ ਪੁਸ਼ਟੀ ਸਿੰਘ ਸਾਗਰ ਦੇ ਕਰਤਾ ਭਾਈ ਵੀਰ ਸਿੰਘ ਜੀ ਬਲ ਕਰਦੇ ਹਨ। ਭਾਈ ਵੀਰ ਸਿੰਘ ਜੀ ਬਲ ਨੇ ਸਿੰਘ ਸਾਗਰ ਦੀ ਰਚਨਾ ੧੮੨੭ ਈ: ਵਿੱਚ ਪਟਿਆਲੇ ਵਿਖੇ ਕੀਤੀ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਬਾਰੇ ਉਸ ਨੇ ਸਿਰਫ ਤਿੰਨ ਦੋਹਰੇ ਹੀ ਲਿਖੇ ਹਨ ਕਿ ਪਰਿਵਾਰ ਨਾਲੋਂ ਵਿੱਛੜ ਕੇ ਅੱਗੇ ਉਹ ਕਿੱਥੇ-ਕਿੱਥੇ ਗਏ। ਗੰਗੂ ਦੇ ਘਰ ਜਾਣ ਤੋਂ ਪਹਿਲਾਂ ਪਿੰਡ ਕਾਈਨੌਰ ਅਤੇ ਤਲ (ਤਲਾਅ) ਦਾ ਜਿਕਰ ਵੀਰ ਸਿੰਘ ਬਲ ਕਰਦੇ ਹਨ। ਅੱਗੇ ਗੰਗੂ ਦੇ ਪਿੰਡ ਨੂੰ ਉਖੇੜੀ ਕਹਿ ਕੇ ਕਹਿੰਦੇ ਹਨ ਕਿ ਇਸ ਮਸੰਦ ਦੇ ਘਰ ਚਲੇ ਗਏ ਤੇ ਉੱਥੋਂ ਉਸਨੇ ਫੜ੍ਹਾ ਦਿੱਤੇ। ਅੱਗੇ ਜੋ ਸਰਹਿੰਦ ਵਿੱਚ ਹੋਇਆ ਉਸਨੂੰ ਸਾਰਾ ਸੰਸਾਰ ਜਾਣਦਾ ਹੈ। ਇਹ ਸੰਖੇਪ ਤੇ ਠੋਸ ਜਾਣਕਾਰੀ ਭਾਈ ਵੀਰ ਸਿੰਘ ਜੀ ਬਲ ਇਹਨਾਂ ਸਤਰਾਂ ਵਿੱਚ ਦਿੰਦੇ ਹਨ –
ਦੋਹਰਾ ਜੋਰਾਵਰ ਸਿੰਘੁ ਫਤੇ ਸਿੰਘੁ ਗੁਜਰੀ ਮਾਤਾ ਸਾਥ। ਕਾਈਨੌਰ ਕੈ ਤੱਲ ਕੇ ਵਸੇ ਏਕ ਪੁਰ ਰਾਤ॥
ਦੋਹਰਾ
ਗਾਂਉ ਉਖੇੜੀ ਨਉ ਤਿਹ ਰਹੈ ਮਸੰਦ ਗ੍ਰਿਹ ਜਾਇ।
ਤਬੈ ਮਸੰਦ ਮਲੇਛੁ ਵਹੁ ਗਇਯੋ ਸਿਰੰਦ ਸਿਧਾਇ॥
ਦੋਹਰਾ
ਸ੍ਰੀ ਮਾਤਾ ਜੁਗ ਪੋਤਰੇ ਵਸੇ ਮਸੰਦ ਦੁਵਾਰ।
ਆਗੈ ਕਥਾ ਸਿਰੰਦ ਕੀ ਜਾਨਤ ਸਭ ਸੰਸਾਰ॥
ਸਿੰਘ ਸਾਗਰ – ਵੀਰ ਸਿੰਘ ਬਲ – ਪੰਨਾ ੧੨੪ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਅਸੀਂ ਇੱਕ ਸਾਲ ਦੇ ਵਿੱਚ ਦੋ ਵਾਰੀ ਪਿੰਡ ਕਾਈਨੌਰ ਗਏ ਹਾਂ ਤਾਂ ਕਿ ਸਾਨੂੰ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਦੇ ਪਿੰਡ ਵਿੱਚ ਰਾਤ ਕੱਟਣ ਦੀ ਸਹੀ ਜਾਣਕਾਰੀ ਮਿਲ ਸਕੇ । ਅਸੀਂ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਤੁਹਾਡੇ ਪਿੰਡ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਂ ਗੁਜਰ ਕੌਰ ਜੀ ਦੀ ਕੋਈ ਯਾਦਗਾਰ ਬਣੀ ਹੋਈ ਏ ਕਿ ਨਹੀਂ ਕਿਉਂਕਿ ਤੁਹਾਡੇ ਪਿੰਡ ਉਹਨਾਂ ਨੇ ਇੱਕ ਰਾਤ ਕੱਟੀ ਹੈ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸੀਂ ਉਹਨਾਂ ਨੂੰ ਦੱਸਿਆ ਕਿ ਪੁਰਾਤਨ ਲਿਖਤ ਵਿੱਚ ਪਿੰਡ ਕਾਈਨੌਰ ਦੇ ਤਲਾਅ ਦਾ ਜਿਕਰ ਆਉਂਦਾ ਹੈ। ਤਲ ਦਾ ਨਾਂ ਸੁਣਕੇ ਇਹਨਾਂ ਕਿਹਾ ਕਿ ਗੁਰਦੁਆਰੇ ਸ਼ਹੀਦਾਂ ਕੋਲ ਇੱਕ ਛੱਪੜ ਹੈ। ਸਿਆਣੇ ਬਜੁਰਗ ਦੱਸਦੇ ਹੁੰਦੇ ਆ ਕਿ ਕਿਸੇ ਸਮੇਂ ਏਥੇ ਤਲਾਅ ਹੁੰਦਾ ਸੀ ਹੁਣ ਤਾਂ ਸਿਰਫ ਉਸਦੀਆਂ ਕੁਝ ਪੌੜੀਆਂ ਹੀ ਬਚੀਆਂ ਹੋਈਆਂ ਨੇ। ਅਸੀਂ ਜਾ ਕੇ ਦੇਖਿਆ ਕਿ ਗੁਰਦੁਆਰਾ ਬਾਬੇ ਸ਼ਹੀਦਾਂ ਕਰਕੇ ਬਹੁਤ ਵਧੀਆ ਬਣਿਆ ਹੋਇਆ ਹੈ। ਗੁਰਦੁਆਰੇ ਦੀ ਪਿਛਲੀ ਕੰਧ ਨਾਲ ਛੱਪੜ ਹੈ, ਉਸ ਵਿੱਚ ਪੁਰਾਣੀਆਂ ਇੱਟਾਂ ਨਾਲ ਬਣੀਆਂ ਪੌੜੀਆਂ ਛੱਪੜ ਵਿੱਚ ਉੱਤਰਦੀਆਂ ਹਨ ਜੋ ਤਲਾਅ ਹੋਣ ਦੀ ਪੂਰੀ ਗਵਾਹੀ ਭਰਦੀਆਂ ਹਨ। ਵੀਰ ਸਿੰਘ ਬਲ ਸਮੇਂ ਇਹ ਤਲਾਅ ਪੂਰੀ ਤਰ੍ਹਾਂ ਸਹੀ-ਸਲਾਮਤ ਹੋਵੇਗਾ ਤਾਂ ਹੀ ਉਸਨੇ ਤਲ ਦਾ ਜਿਕਰ ਕੀਤਾ ਹੈ। ਗੁਰਦੁਆਰਾ ਬਾਬੇ ਸ਼ਹੀਦਾਂ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਏਥੇ ਕੋਈ ਅਸਥਾਨ ਨਹੀਂ ਸੀ ਬਣਿਆ। ਪਿੰਡ ਵਿੱਚੋਂ ਕੁਝ ਪਰਿਵਾਰ ਹੀ ਏਥੇ ਛੋਟੀ ਜਿਹੀ ਢਹਿ ਚੁੱਕੀ ਜਗ੍ਹਾ (ਸਮਾਧ) ‘ਤੇ ਦੀਵਾ ਜਗਾਉਂਦੇ ਸੀ। ਉਹਨਾਂ ਦੀ ਭਾਵਨਾ ਪੂਰੀ ਹੁੰਦੀ ਤਾਂ ਹੀ ਉਹਨਾਂ ਦੀ ਸ਼ਰਧਾ ਬਣੀ ਹੋਈ ਸੀ। ਉਨ੍ਹਾਂ ਪਰਿਵਾਰਾਂ ਨੇ ਇਸ ਥਾਂ ‘ਤੇ ਪੱਕੀ ਨਵੀਨ ਸਮਾਧ ਬਣਾ ਦਿੱਤੀ, ਹੌਲੀ-ਹੌਲੀ ਸਾਰੇ ਪਿੰਡ ਦੀ ਸ਼ਰਧਾ ਬਣ ਗਈ। ਸਮਾਧ ਦੀ ਥਾਂ ‘ਤੇ ਗੁਰਦੁਆਰਾ ਸਾਹਿਬ ਬਣ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ । ਲੋਕ ਇਸਨੂੰ ਗੁਰਦੁਆਰਾ ਜੰਡੀਸਰ ਸਾਹਿਬ ਬਾਬੇ ਸ਼ਹੀਦਾਂ ਕਰਕੇ ਮੰਨਦੇ ਹਨ ਤੇ ਸਾਰਾ ਪਿੰਡ ਪੂਜਦਾ ਹੈ। ਇਹ ਅਸਥਾਨ ਪਿੰਡ ਤੋਂ ਬਾਹਰ ਚੜ੍ਹਦੇ ਵਾਲੇ ਪਾਸੇ ਰੋਪੜ-ਮੋਰਿੰਡਾ ਰੋਡ ਦੇ ਬਿਲਕੁਲ ਉੱਪਰ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਅਸੀਂ ਕਦੇ ਵੀ ਕੋਈ ਉਗਰਾਹੀ ਨਹੀਂ ਕਰਦੇ, ਸਾਰੇ ਪਿੰਡ ਦੀ ਸੰਗਤ ਬਹੁਤ ਸ਼ਰਧਾ ਨਾਲ ਸੇਵਾ ਕਰਦੀ ਹੈ। ਗੁਰੁ ਘਰ ਦੇ ਮੁੱਖ ਸੇਵਾਦਾਰ ਕੈਪਟਨ ਲਛਮਣ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਇਸ ਅਸਥਾਨ ਨੂੰ ਮੰਨਦਾ-ਪੁਜਦਾ ਹੈ। ਸਾਨੂੰ ਏਥੋਂ ਇਹ ਜਾਣਕਾਰੀ ਵੀ ਮਿਲੀ ਕਿ ਨਥਮਲਪੁਰ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਇਸ ਛੱਪੜ ਵਿੱਚੋਂ ਪੰਜ ਕੜਾਹੀਏ ਮਿੱਟੀ ਦੇ ਬਾਹਰ ਸੁੱਟੇ ਤੇ ਕਿਹਾ ਕਿ ਏਥੇ ਕਦੇ ਸਰੋਵਰ ਬਣੇਗਾ। ਬਾਬਾ ਅਜੀਤ ਸਿੰਘ ਜੀ ਗੁਰਮਤਿ ਵਿੱਚ ਰੰਗੇ ਹੋਏ ਮਹਾਂਪੁਰਖ ਸੀ। ਸਹੇੜੀ ਪਿੰਡ ਦੇ ਨੇੜੇ ਹੀ ਉਹਨਾਂ ਮਹਾਂਪੁਰਖਾਂ ਦਾ ਅਸਥਾਨ ਪਿੰਡ ਨਥਮਲਪੁਰ ਵਿਖੇ ਬਣਿਆ ਹੋਇਆ ਹੈ। ਬਾਬਾ ਜੀ ਸਾਹਿਬਜ਼ਾਦਿਆਂ ਦੇ ਅਸਥਾਨਾਂ ਦਾ ਬਹੁਤ ਸਤਿਕਾਰ ਕਰਦੇ ਸੀ, ਇਸ ਇਲਾਕੇ ਵਿੱਚ ਬਾਬਾ ਜੀ ਦਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਅਦਬ ਹੈ। ਬਾਬਾ ਜੀ ਹੁਣ ਚੜ੍ਹਾਈ ਕਰ ਗਏ ਹਨ। ਅਸੀਂ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈ ਕੇ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਗੁਰਦੁਆਰਾ ਬਾਬੇ ਸ਼ਹੀਦਾਂ ਵਾਲੇ ਅਸਥਾਨ ‘ਤੇ ਹੀ ਪਰਿਵਾਰ ਨਾਲੋਂ ਵਿੱਛੜ ਕੇ ਦੂਜੀ ਰਾਤ ਬਤੀਤ ਕੀਤੀ। ਇਸ ਤੋਂ ਅਗਲਾ ਇਤਿਹਾਸ ਵੀ ਦੱਸੇਗਾ ਕਿ ਗੰਗੂ ਸਿੱਧਾ ਆਪਣੇ ਘਰ ਨਹੀਂ ਗਿਆ, ਪਹਿਲਾਂ ਪਿੰਡੋਂ ਬਾਹਰ ਹੀ ਢੱਕ ਬੀਆਬਾਨ ਇਲਾਕੇ ਵਿੱਚ ਉਹਨਾਂ ਨੂੰ ਬਿਠਾ ਗਿਆ। ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਗੰਗੂ ਆਪਣੇ ਪਿੰਡ ਜਾਣ ਦੀ ਬਜਾਏ ਉਹਨਾਂ ਤਿੰਨ ਰੱਬੀ ਰੂਹਾਂ ਨੂੰ ਆਪਣੇ ਪਿੰਡ ਸਹੇੜੀ ਦੇ ਆਲੇ-ਦੁਆਲੇ ਹੀ ਘੁਮਾਉਂਦਾ ਰਿਹਾ। ਪਿੰਡ ਕਾਈਨੌਰ ਵਿਖੇ ਬਣਿਆ ਸ਼ਹੀਦਾਂ ਦਾ ਅਸਥਾਨ ਤੇ ਛੱਪੜ ਵਿੱਚ ਉੱਤਰਦੀਆਂ ਪੌੜੀਆਂ ਤਲ ਦੀ ਹਾਮੀ ਭਰਦੀਆਂ ਕਿਸੇ ਇਤਿਹਾਸਕ ਗਵਾਹੀ ਤੋਂ ਘੱਟ ਨਹੀਂ ਹਨ। ਇਸ ਤੋਂ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਹੈ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਦੂਜੀ ਰਾਤ ਏਥੇ ਹੀ ਕੱਟੀ। ਗੰਗੂ ਦਾ ਪਿੰਡ ਸਹੇੜੀ ਏਥੋਂ ਸਿਰਫ ਦੋ ਕਿ: ਮੀ: ਦੀ ਦੂਰੀ ‘ਤੇ ਦੱਖਣ ਵਾਲੇ ਪਾਸੇ ਹੈ। ਇਹ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਗੰਗੂ ਪਾਪੀ ਸਮੇਤ ੮ ਪੋਹ, ੧੭੬੧ ਬਿ: (੨੨ ਦਸੰਬਰ, ੧੭੦੪ ਈ:) ਨੂੰ ਪਿੰਡ ਕਾਈਨੌਰ ਦੇ ਤਲਾਅ ‘ਤੇ ਕੱਟੀ। ਕੁੰਮੇ ਮਾਸ਼ਕੀ ਵਾਲੇ (ਪਿੰਡ ਚੱਕ ਢੇਰਾ) ਪੱਤਣ ਤੋਂ ਕਾਈਨੌਰ ਦੀ ਦੂਰੀ ਰੋਪੜ ਵਿੱਚਦੀ ਕੁੱਲ ੨੮ ਕਿ: ਮੀ: ਹੈ। ਪਿੰਡ ਕਾਈਨੌਰ ਰੋਪੜ ਤੋਂ ਮੋਰਿੰਡਾ ਰੋਡ ‘ਤੇ ਰੋਪੜ ਤੋਂ ੧੬ ਕਿ: ਮੀ: ਤੇ ਮੋਰਿੰਡਾ ਤੋਂ ਲਗਪਗ ੬ ਕਿ: ਮੀ: ਦੀ ਦੂਰੀ ‘ਤੇ ਸਥਿਤ ਹੈ।
ਅਗਲਾ ਭਾਗ………