History of the days after Guru Gobind Singh Ji left Anandpur Sahib – 14-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

ਤੀਜੀ ਰਾਤ
ਭਾਗ-3
ਕਮੀਨਿਆ ਘਰ ਆਏ ਸੱਤ-ਬਿਗਾਨੇ ਨੂੰ ਵੀ ਚੰਗੀ ਤਰ੍ਹਾਂ ਰੋਟੀ-ਪਾਣੀ ਛਕਾ ਦਈਦਾ ਹੈ, ਇਹ ਤਾਂ ਆਪਣਿਆਂ ਨਾਲੋਂ ਵੀ ਵਧ ਕੇ ਸੀ। ਲਹੇਰ ਨੂੰ ਮੜੂਆ ਵੀ ਕਿਹਾ ਜਾਂਦਾ ਹੈ ਤੇ ਇਸ ਦੀ ਫਸਲ ਝੋਨੇ ਵਾਂਗ ਬੀਜੀ ਜਾਂਦੀ ਹੈ। ਇਸਦੇ ਦਾਣੇ ਸਰੋਂ ਨਾਲੋਂ ਵੀ ਬਰੀਕ ਹੁੰਦੇ ਨੇ ਤੇ ਇਸਦੀ ਰੋਟੀ ਦਾ ਸੁਆਦ ਕੁਸੈਲਾ ਹੁੰਦਾ ਹੈ। ਖਾਣਾ ਬਣਾਉਣ ਤੋਂ ਪਹਿਲਾਂ ਪਾਪੀ ਨੇ ਆਪਣੀ ਮਾਂ ਸੋਭੀ ਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਖਾਣੇ ਵਿੱਚ ਜਹਿਰ ਦੇ ਕੇ ਮਾਰ ਦਈਏ ਤੇ ਇਨ੍ਹਾਂ ਦਾ ਧਨ ਲੁੱਟ ਲਈਏ। ਸੋਭੀ ਨੇ ਇਹ ਕਹਿਰ ਕਮਾਉਣ ਤੋਂ ਗੰਗੂ ਨੂੰ ਬਹੁਤ ਵਰਜਿਆ। (ਸੋਭੀ ਦਾ ਜਿਕਰ ਗਿਆਨੀ ਠਾਕਰ ਸਿੰਘ ਨੇ ਸ਼ਹੀਦ ਬਿਲਾਸ ਤੇ ਸ੍ਰੀ ਗੁਰਦੁਆਰੇ ਦਰਸ਼ਨ ਵਿੱਚ ਕੀਤਾ ਹੈ।) ਓਪਰੇ ਮਨ ਨਾਲ ਗੰਗੂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨਾਲ ਬਹੁਤ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ, ਇਹਦਾ ਪਰਿਵਾਰ ਵੀ ਕੁਝ ਦੇਰ ਕੋਲ ਬੈਠਾ ਰਿਹਾ। ਸਾਰੇ ਆਪੋ-ਆਪਣੇ ਥਾਂ-ਸਿਰ ਸੌਂ ਗਏ। ਇਸ ਪਾਪੀ ਨੂੰ ਨੀਂਦ ਕਿੱਥੇ ਆਵੇ, ਇਹਦਾ ਧਿਆਨ ਤਾਂ ਮਾਤਾ ਜੀ ਵਾਲੀ ਕੋਠੜੀ ਵੱਲ ਲੱਗਾ ਰਿਹਾ ਕਿ ਕਦੋਂ ਮਾਤਾ ਜੀ ਸੌਣ ਤਾਂ ਮੈਂ ਧਨ ਸਮੇਟ ਲਵਾਂ। ਜਦੋਂ ਬਹੁਤ ਗੂੜ੍ਹੀ ਰਾਤ ਹੋ ਗਈ ਤਾਂ ਆਪਣੇ ਮੰਜੇ ਤੋਂ ਉੱਠ ਨਮਕ ਹਰਾਮੀ ਦੱਬੇ ਪੈਰੀਂ ਕੋਠੜੀ ਵਿੱਚ ਜਾ ਵੜਿਆ।

ਚੌਪਈ

ਭਈ ਰੈਨ ਖੁਰਜੀ ਤਿਨ ਲੀਨੀ॥ ਜਾ ਕਰ ਚੋਏ ਮਹਿ ਗੱਡ ਦੀਨੀ॥ ਮੁੜ ਆਯੋ ਤਬ ਅਪਨੇ ਦਵਾਰਾ ॥ ਭਈ ਭੋਰ ਤਬ ਫੇਰ ਸਿਧਾਰਾ॥

ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ

ਪਾਛੇ ਜੋ ਚੰਡਾਰ ਕ੍ਰਿਤ ਕੀਨਾ। ਖੁਰਜੀ ਕਾਢ ਧਰਨ ਗਡ ਦੀਨਾ। ਮਧਿ ਖਡ ਗਾਢੀ ਤਬ ਜਾਇ। ਮੁਹਰ ਰੁਪੈਯੇ ਖੁਰਜੀ ਧਾਇ।

ਗੁਰਬਿਲਾਸ ਪਾਤਸ਼ਾਹੀ ਦਸਵੀਂ – ਭਾਈ ਸੁੱਖਾ ਸਿੰਘ – ਪੰਨਾ ੩੩੦ (ਭਾਸ਼ਾ ਵਿਭਾਗ)

ਰੈਨ ਪਰੀ ਜਬ ਸਭ ਸੈ ਗਏ॥ ਮੁਹਰਨ ਦਾਬਤ ਦਿਜ ਜੁ ਭਏ॥

ਸ੍ਰੀ ਗੁਰ ਪਦ ਪ੍ਰੇਮ ਪ੍ਰਕਾਸ਼ – ਕ੍ਰਿਤ ਬਾਬਾ ਸੁਮੇਰ ਸਿੰਘ – ਪੰਨਾ ੩੮੫ (ਪੰਜਾਬੀ

ਯੂਨੀਵਰਸਿਟੀ ਪਟਿਆਲਾ)

ਇਹ ਕਮੀਨਾ ਚੁੱਪ-ਚਾਪ ਧਨ ਦੀ ਖੁਰਜੀ ਚੁੱਕ ਲਿਆਇਆ ਤੇ ਘਰੋਂ ਬਾਹਰ ਜਾ ਕੇ ਕਿਸੇ ਸੁੱਕੇ ਚੋਅ ਦੇ ਕਿਨਾਰੇ ਖੱਡ ਵਿੱਚ ਦੱਬ ਦਿੱਤੀ। ਵਾਪਸ ਆ ਚੁੱਪ-ਚਪੀਤਾ ਹੀ ਆਪਣੇ ਮੰਜੇ ‘ਤੇ ਲੇਟ ਗਿਆ। ਇਹਦਾ ਪਾਪੀ ਮਨ ਬਹੁਤ ਖੁਸ਼ ਸੀ, ਜਿਸ ਮਾਇਆ ਲਈ ਏਨੀਆਂ ਲੇਲੜੀਆਂ ਕੱਢਦਾ ਸੀ, ਉਹ ਇਹਦੇ ਹੱਥ ਆ ਚੁੱਕੀ ਸੀ। ਇਸ ਪਾਪੀ ਨੇ ਪਹਿਲਾਂ ਹੀ ਲੁੱਟ ਹੋਇਆਂ ਨੂੰ ਲੁੱਟ ਲਿਆ। ਪਾਪੀਆ ਉਹ ਤਾਂ ਘਰ-ਬਾਰ ਸਭ ਪਹਿਲਾਂ ਹੀ ਲੁੱਟਾ ਚੁੱਕੇ ਨੇ, ਘਰੋਂ ਬੇਘਰ ਹੋਏ ਫਕੀਰੀ ਵਾਲੀ ਹਾਲਤ ‘ਤੇ ਵੀ ਤੈਨੂੰ ਤਰਸ ਨਾ ਆਇਆ। ਤਿੰਨੋ ਜੀਅ ਇਸ ਆਸਰੇ ਇਸ ਪਾਪੀ ਨਾਲ ਤੁਰੇ ਰਹੇ ਕਿ ਸਾਡਾ ਗੁਰੂ ਜੀ ਨਾਲ ਮਿਲਾਪ ਕਰਵਾ ਦੇਵੇਗਾ। ਪਰ ਇਹ ਦੁਸ਼ਟ ਤਾਂ ਮਾਇਆ ਕਰਕੇ ਹੀ ਉਹਨਾਂ ਨੂੰ ਏਧਰ-ਓਧਰ ਲਈ ਫਿਰਦਾ ਸੀ। ਇਸ ਪਾਪੀ ਦਾ ਮਨੋਰਥ ਪੂਰਾ ਹੋ ਗਿਆ। ਇਹ ਚੰਦਰੀ ਰਾਤ ਗੁਰੂ ਪਰਿਵਾਰ ਨਾਲੋਂ ਵਿੱਛੜ ਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੇ ੯ ਪੋਹ, ੧੭੬੧ ਬਿ: (੨੩ ਦਸੰਬਰ, ੧੭੦੪ ਈ:) ਨੂੰ ਪਿੰਡ ਸਹੇੜੀ ਗੰਗੂ ਪਾਪੀ ਦੇ ਘਰ ਬਤੀਤ ਕੀਤੀ।

ਪਤਾ- ਪਿੰਡ ਤੇ ਡਾਕਖਾਨਾ ਸਹੇੜੀ, ਤਹਿਸੀਲ-ਜਿਲ੍ਹਾ ਰੋਪੜ।

ਸਹੇੜੀ ਰੋਪੜ ਤੋਂ ਮੋਰਿੰਡਾ ਰੋਡ ਉੱਪਰ ਮੋਰਿੰਡਾ ਤੋਂ ਤਿੰਨ ਕਿ: ਮੀ: ਦੀ ਦੂਰੀ ‘ਤੇ ਹੈ।

ਅਗਲਾ ਭਾਗ………

You may also like these