ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
ਤੀਜੀ ਰਾਤ
ਭਾਗ-2
ਮੇਰਾ ਮਨ ਬਹੁਤ ਡਰਿਆ, ਮੈਨੂੰ ਇੱਕ ਦਮ ਜਾਗ ਆ ਗਈ। ਮੈਂ ਸਮਝਿਆ ਅੰਮ੍ਰਿਤ ਵੇਲਾ ਹੋ ਗਿਆ ਹੈ, ਸਮਾਂ ਦੇਖਿਆ ਤਾਂ ਡੇਢ ਕੁ ਵੱਜਿਆ ਸੀ। ਗੁਰਦੁਆਰੇ ਦਾ ਸੇਵਾਦਾਰ ਘੂਕ ਸੁੱਤਾ ਪਿਆ ਸੀ। ਅੱਧੇ ਮਿੰਟ ਵਿੱਚ ਵਾਪਰੀ ਘਟਨਾ ਨੂੰ ਮੈਂ ਬਹੁਤ ਛੇਤੀ ਸਮਝ ਗਿਆ। ਮੰਜੇ ‘ਤੇ ਬੈਠੇ ਨੇ ਹੀ ਅਸਥਾਨ ਵੱਲ ਮੱਥਾ ਟੇਕ ਕੇ ਮੈਂ ਉੱਚੀ ਅਵਾਜ ‘ਚ ਕਿਹਾ ਕਿ ਆਪ ਜੀ ਦਾ ਬਹੁਤ ਧੰਨਵਾਦ ਹੈ। ਮੇਰਾ ਪੂਰਾ ਯਕੀਨ ਬਣ ਗਿਆ ਕਿ ਮਾਤਾ ਜੀ ਤੇ ਸਾਹਿਬਜ਼ਾਦੇ ਏਥੇ ਜਰੂਰ ਆਏ ਹਨ। ਮੇਰੀ ਕੀਤੀ ਹੋਈ ਅਰਦਾਸ ਬੇਨਤੀ ਦਾ ਫਲ ਮੈਨੂੰ ਮਿਲ ਚੁੱਕਾ ਸੀ, ਮੈਂ ਬਹੁਤ ਚਾਅ ਨਾਲ ਫਿਰ ਸੌਂ ਗਿਆ। ਸਵੇਰ ਤੱਕ ਉਸ ਵਿਸ਼ੇਸ਼ ਵਿਅਕਤੀ ਬਾਰੇ ਜਿਸ ਦੇ ਮਗਰ ਸਿੰਘ ਵਾਹੋ-ਦਾਹੀ ਦੌੜੇ ਜਾਂਦੇ ਸੀ, ਜਿਸਨੂੰ ਮੈਂ ਅੱਧੇ ਮਿੰਟ ਵਿੱਚ ਨਹੀਂ ਦੇਖ ਸਕਿਆ ਸੀ, ਉਸ ਬਾਰੇ ਵੀ ਸਮਝ ਪੈ ਗਈ। ਮੇਰੇ ਅੰਦਰ ਪੂਰੀ ਤਰ੍ਹਾਂ ਆਤਮ ਵਿਸ਼ਵਾਸ ਬਣ ਗਿਆ ਸੀ ਕਿ ਉਹ ਵਿਸ਼ੇਸ਼ ਵਿਅਕਤੀ ਹੋਰ ਕੋਈ ਨਹੀਂ ਸਗੋਂ ਕਲਗੀਧਰ ਪਾਤਸ਼ਾਹ ਜੀ ਆਪ ਹੀ ਸੀ। ਏਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੈਂ ਕਿਸੇ ਪਰੀ ਕਹਾਣੀਆਂ ‘ਤੇ ਵਿਸ਼ਵਾਸ ਨਹੀਂ ਰੱਖਦਾ। ਮੇਰੀ ਖੋਜ ਦਾ ਅਧਾਰ ਨਿਰੋਲ ਸੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਪੂਰਨ ਵਿਸ਼ਵਾਸ ਰੱਖ ਕੇ ਸੱਚਾਈ ਦੀ ਮੰਜਿਲ ਵੱਲ ਵਧਦੇ ਜਾਣਾ ਹੈ। ਮੇਰੀ ਸ਼ਰਧਾ ਵੀ ਸੱਚਾਈ ਦੀ ਤਰਕ ਵਾਲੀ ਹੈ।
ਆਓ ਹੁਣ ਅੱਗੇ ਦੇਖੀਏ ਕਿ ਗੰਗੂ ਪਾਪੀ ਨੇ ਕੀ ਕਰਮ ਕਮਾਇਆ। ਇਹ ਘਰ ਨੂੰ ਗਿਆ ਦੇਰ ਤੱਕ ਵਾਪਸ ਨਾ ਆਇਆ। ਢੱਕ-ਉਜਾੜ ਥਾਂ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ ਭਰਦੇ ਹਨ –
ਲੈ ਮਾਤੋ ਨਿਜ ਗਇਓ ਗਰਾਮ, ਸਹੇੜੀ ਥੋ ਉਸ ਕੋ ਨਾਮ। ਜਾਇ ਉਜਾੜ ਮਧ ਢੱਕ ਬਹਾਈ, ਚੀਜ ਸਭੀ ਉਨ ਕਰੀ ਕਬਜਾਈ। ਕਹੈ ਮਾਤਾ ਹਮ ਜਿਮੀ ਦਬਾਈ, ਤੁਮ ਮਨ ਚਿੰਤਾ ਕਰਿਓ ਨਾ ਕਾਈ। ਮਾਤਾ ਕਹੈ ਹਮ ਚਿੰਤਾ ਜਾਨ, ਹਮ ਕੋ ਬਹਾਉ ਕਿਤੇ ਕਲਬ-ਮਕਾਨ ।
ਇਸ ਉਜਾੜ ਵਿੱਚ ਬਣੀ ਫਕੀਰ ਦੀ ਕੁਟੀਆ ਵਿੱਚ ਮਾਤਾ ਜੀ ਗੰਗੂ ਨੂੰ ਉਡੀਕਦੇ ਰਹੇ, ਇਹ ਪਾਪੀ ਸ਼ਾਮ ਨੂੰ ਆਇਆ। ਮਾਤਾ ਜੀ ਨੂੰ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ। ਮਾਤਾ ਜੀ ਨੇ ਕਿਹਾ ਕਿ ਮੈਨੂੰ ਇਨ੍ਹਾਂ ਨਿੱਕੀਆਂ ਜਾਨਾਂ ਦੀ ਚਿੰਤਾ ਹੈ। ਸਾਨੂੰ ਏਥੇ ਜੰਗਲ ਵਿੱਚ ਬਿਠਾ ਗਿਆ, ਕਿਤੇ ਥਾਂ-ਸਿਰ ਮਕਾਨ ਵਿੱਚ ਬਿਠਾ ਤਾਂ ਠੰਡ ਤੋਂ ਬਚਿਆ ਜਾ ਸਕੇ। ਰਤਨ ਸਿੰਘ ਭੰਗੂ ਉੱਪਰਲੀਆਂ ਸਤਰਾਂ ਵਿੱਚ ਲਿਖਦੇ ਹਨ ਕਿ ਗੰਗੂ ਨੇ ਮਾਤਾ ਜੀ ਕੋਲੋਂ ਸਭ ਚੀਜਾਂ ਆਪਣੇ ਕਬਜੇ ਵਿੱਚ ਕਰ ਲਈਆਂ ਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਜਮੀਨ ਵਿੱਚ ਦਬਾ ਦਿੱਤੀਆਂ ਹਨ। ਜੇ ਇਸ ਪਾਪੀ ਦੇ ਮਾਇਆ ਹੱਥ ਆ ਜਾਂਦੀ ਤਾਂ ਇਹ ਕਦੇ ਵੀ ਸਰਕਾਰ ਦੇ ਬਾਗੀ ਸਮਝੇ ਜਾਂਦੇ ਗੁਰੂ ਜੀ ਦੇ ਮਾਤਾ ਜੀ ਤੇ ਪੁੱਤਰਾਂ ਨੂੰ ਆਪਣੇ ਘਰ ਲੈ ਕੇ ਨਾ ਜਾਂਦਾ, ਇਸ ਪਾਪੀ ਵਿੱਚ ਏਨਾ ਧਰਮ ਕਿੱਥੇ ਸੀ। ਗੁਰਦੁਆਰਾ ਐਮਾ ਸਾਹਿਬ ਵਾਲੇ ਅਸਥਾਨ ਤੋਂ ਇਹ ਦੁਸ਼ਟ ਮਾਇਆ ਦੇ ਲਾਲਚ ਵੱਸ ਰਾਤ ਦੇ ਹਨੇਰੇ ਵਿੱਚ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ, ਤਿੰਨਾਂ ਰੱਬੀ ਰੂਹਾਂ ਨੂੰ ਆਪਣੇ ਘਰ ਲੈ ਗਿਆ। ਇਹ ਪਾਪੀ ਇਨ੍ਹਾਂ ਕੋਲ ਰਹਿ ਕੇ ਵੀ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਪਛਾਣ ਨਾ ਸਕਿਆ। ਘਰ ਵਿੱਚ ਲਿਆ ਕੇ ਇੱਕ ਕੋਠੜੀ ਵਿੱਚ ਟਿਕਾਣਾ ਕਰਵਾ ਦਿੱਤਾ। ਘਰ ਵਿੱਚ ਗੰਗੂ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ। ਇਸ ਪਾਪੀ ਨੇ ਦੱਬੀ ਜ਼ੁਬਾਨ ਵਿੱਚ ਉਹਨਾਂ ਨੂੰ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਜੀ ਹਨ। ਮਾਤਾ ਜੀ ਨੇ ਇਸ਼ਨਾਨ ਕਰ ਬਸਤਰ ਬਦਲੇ, ਸਾਹਿਬਜ਼ਾਦਿਆਂ ਦੇ ਵੀ ਇਸ਼ਨਾਨ ਕਰਾ ਕੇ ਬਸਤਰ ਨਵੇਂ ਪਾ ਦਿੱਤੇ। ਮਾਤਾ ਜੀ ਕੋਲ ਗਠੜੀ ਵਿੱਚ ਥੋੜ੍ਹੇ-ਬਹੁਤ ਜਰੂਰੀ ਬਸਤਰ ਬੰਨ੍ਹੇ ਹੋਏ ਸੀ। ਦਿਨ ਵਿੱਚ ਕਈ-ਕਈ ਨਵੀਆਂ ਪੁਸ਼ਾਕਾਂ ਪਹਿਨਣ ਵਾਲੇ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਅੱਜ ਨਵੇਂ ਬਸਤਰ ਪਾ ਤਿਆਰ ਹੋਏ ਸੀ। ਗੰਗੂ ਪਾਪੀ ਨਾ ਚਾਹੁੰਦਾ ਹੋਇਆ ਵੀ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ ਸੀ ਤੇ ਉਸ ਨੇ ਬਹੁਤ ਹੀ ਅਸ਼ਰਧਕ ਮਨ ਨਾਲ ਬਹੁਤ ਮਾੜਾ ਭੋਜਨ ਤਿੰਨਾਂ ਜੀਆਂ ਅੱਗੇ ਲਿਆ ਰੱਖਿਆ। ਦਾਦੀ ਮਾਂ ਨੇ ਭੋਜਨ ਵੱਲ ਦੇਖ ਕੇ ਕਿਹਾ ਕਿ ਏਹੋ ਜਿਹਾ ਭੋਜਨ ਤਾਂ ਅਨੰਦਪੁਰ ‘ਚ ਸਾਡੇ ਕਾਵਾਂ- ਕੁੱਤਿਆਂ ਨੂੰ ਵੀ ਨਹੀਂ ਸੀ ਪਾਇਆ ਜਾਂਦਾ, ਇਹ ਮਾਸੂਮ ਇਸਨੂੰ ਕਿੱਦਾਂ ਛਕਣਗੇ।
ਦਾਦੀ ਮਾਂ ਨੇ ਗੰਗੂ ਨੂੰ ਇੱਕ ਮੋਹਰ ਦੇ ਕੇ ਕਿਹਾ ਕਿ ਜੋ ਵੀ ਪਕਵਾਨ ਬਾਹਰੋਂ ਬਣਿਆ ਮਿਲਦਾ ਹੈ, ਜਾ ਕੇ ਖਰੀਦ ਲਿਆ। ਉਹ ਇੱਕ ਸੇਰ (ਕਿੱਲੋ ਤੋਂ ਘੱਟ) ਪਤਾਸੇ ਖਰੀਦ ਲਿਆਇਆ, ਜਿਸ ਵਿੱਚੋਂ ਥੋੜ੍ਹੇ ਜਿਹੇ ਤਿੰਨਾਂ ਜੀਆਂ ਨੇ ਛਕ ਕੇ ਪਾਣੀ ਪੀ ਪ੍ਰਮਾਤਮਾ ਦਾ ਭਾਣਾ ਮੰਨ ਸ਼ੁਕਰ ਮਨਾ ਲਿਆ। ਇਸ ਬਾਬਤ ਦੁੱਨਾ ਸਿੰਘ ਦੀ ਲਿਖਤ ਇਹ ਲਿਖਦੀ ਹੈ ਦੋਹਰਾ
ਲਹੇਰ ਕੀ ਰੋਟੀ ਕਰੀ, ਮਸਰੀ ਕੀ ਦਾਲ ਥਾਲੀ ਮਾਂਹਿ ਸੁ ਪਾਇਕੈ, ਲੈ ਆਯੋ ਤਤਕਾਲ ।
ਚੌਪਈ
ਸੋ ਰੋਟੀ ਐਸੀ ਕਰ ਲਯਾਯੋ, ਹਮਰੇ ਕਾਗ ਨ ਕੂਕਰ ਖਾਯੇ ਤਬ ਮਾਤਾ ਐਸੇ ਬਿਖਲਾਨੀ, ਭੂਖੇ ਕੁਇਰ ਦੇਖ ਕੁਮਲਾਨੀ ।
ਦੋਹਰਾ
ਮਾਤਾ ਜੀ ਐਸੇ ਕਹਯੋ, ਮੁਹਰ ਏਕ ਲੈ ਜਾਹੁ ਜੋ ਪਕਵਾਨ ਤੁਮ ਦੇਖਹੋ, ਸੋ ਪ੍ਰਸਾਦ ਲੈ ਆਹੁ।
ਸੋਰਠਾ
ਪਤਾਸੇ ਸੇਰ ਦੁਇ ਆਹ, ਲੈ ਆਯੋ ਮਸੰਦ ਤਬ ਕਛੁਕ ਛਕੇ ਤਿਸ ਮਾਂਹਿ, ਅਵਰ ਰਹੈ ਤਿਸ ਠੋਰ ਹੀ।
ਅਗਲਾ ਭਾਗ………