ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
#ਛੇਵੀਂ_ਤੇ_ਆਖਰੀ_ਰਾਤ
ਭਾਗ-2
ਸਾਹਿਬਜ਼ਾਦਿਆਂ ਦੇ ਭਾਰੀ ਜਵਾਬ ਸੁਣਕੇ ਸੁੱਚਾ ਨੰਦ ਦਾ ਕਪਟੀ ਮਨ ਸੜਨ ਲੱਗਾ, ਅਣਖ ਤੇ ਸੱਚ ਦੇ ਬੋਲ ਪਾਪੀ ਮਨ ਤੋਂ ਸਹਾਰ ਨਾ ਹੋਏ। ਕ੍ਰੋਧ ਵਿੱਚ ਆਏ ਇਸ ਪਾਪੀ ਨੇ ਮਾਸੂਮਾਂ ਨੂੰ ਬਾਂਸ ਦੀ ਇੱਕ ਸੋਟੀ (ਖਮਚੀ) ਨਾਲ ਬਹੁਤ ਮਾਰਿਆ। ਉਨ੍ਹਾਂ ਦੇ ਕੋਮਲ ਤਨ ਇਸਦੀ ਮਾਰ ਨੂੰ ਖਾਮੋਸ਼ ਹੋ ਕੇ ਸਹਿੰਦੇ ਰਹੇ। ਐਨੀ ਸਖਤੀ ਤੋਂ ਬਾਅਦ ਵੀ ਨਾ ਮੰਨੇ ਤਾਂ ਇੱਕ ਗਯਾ ਨੰਦ ਨਾਂ ਦੇ ਜਾਲਮ ਬੰਦੇ ਨੂੰ ਲਿਆਂਦਾ ਗਿਆ ਜਿਸਦੇ ਹੱਥ ਵਿੱਚ ਛੁਰਾ ਫੜਿਆ ਹੋਇਆ ਸੀ। ਉਸਨੇ ਸਾਹਿਬਜ਼ਾਦਿਆਂ ਨੂੰ ਝੰਜੋੜ ਕੇ ਛੁਰੇ ਨਾਲ ਬਹੁਤ ਡਰਾਇਆ ਤੇ ਉਨ੍ਹਾਂ ਦੇ ਤਨ ਨੂੰ ਦੁੱਖ ਵੀ ਦਿੱਤਾ। ਪਾਪੀਆਂ ਨੇ ਨਿੱਕੀਆਂ ਜਿੰਦਾਂ ਨੂੰ ਤਸੀਹੇ ਦੇਣ ‘ਚ ਕੋਈ ਕਸਰ ਨਾ ਛੱਡੀ। ਉਨ੍ਹਾਂ ਮਾਸੂਮਾਂ ਨੂੰ ਦਿੱਤੇ ਹੋਏ ਤਸੀਹਿਆਂ ਦਾ ਦਰਦ ਤੇ ਖਮਚੀ ਨਾਲ ਮਾਰੀਆਂ ਸੱਟਾਂ ਸਿੱਖ ਕੌਮ ਨੂੰ ਅੱਜ ਵੀ ਰੜਕਦੀਆਂ ਹਨ। ਦੁੱਨਾ ਸਿੰਘ ਵੀ ਇਸਦਾ ਦਰਦ ਮਹਿਸੂਸ ਕਰਦਾ ਹੋਇਆ ਇਹ ਸਤਰਾਂ ਲਿਖਦਾ ਹੈ –
ਖਮਚੀ ਸਾਥ ਜੁ ਲਗੈ ਤਬੈ ਦੁਖ ਦੇਵਨੰ। ਏਹ ਸੁ ਬਾਲਕ ਫੂਲ, ਧੂਪਿ ਨਹਿ ਖੇਵਨੰ।
ਗਯਾਨੰਦ ਇਕ ਅਉਰ ਪਠਾਯੋ । ਲੈ ਕਟਾਰ ਬਗਲ ਮੈਂ ਆਯੋ।
ਦਰਿੰਦਗੀ ਭਰੇ ਸਾਰੇ ਤਰੀਕੇ ਅਪਣਾ ਕੇ ਦੇਖ ਲੈਣ ਤੋਂ ਬਾਅਦ ਭਰੇ-ਪੀਤੇ ਸੁੱਚਾ ਨੰਦ ਨੇ ਨਵਾਬ ਵੱਲ ਮੂੰਹ ਕਰਕੇ ਕਿਹਾ ਕਿ ਨਵਾਬ ਸਾਬ ਇਹਨਾਂ ਨੂੰ ਛੋਟੇ ਨਾ ਜਾਣਿਓ, ਇਹ ਸੱਪ ਦੇ ਪੁੱਤ ਜਹਿਰ ਉਗਲਦੇ ਹੋਏ ਸਪੋਲੀਏ ਨੇ। ਇਹ ਮਸੀਂ ਹੱਥ ਆਏ ਨੇ, ਇਹਨਾਂ ਨੂੰ ਆਪਣੇ ਮਨ ਭਾਉਂਦੀ ਸਜਾ ਦੇ ਕੇ ਮਾਰ ਦਿਓ। ਵੱਡੇ ਹੋ ਕੇ ਸਰਕਾਰ ਦੇ ਬਾਗੀ ਬਣਨਗੇ। ਇਨ੍ਹਾਂ ਦੇ ਪਿਤਾ ਨੇ ਸਰਕਾਰ ਨਾਲ ਕਿਵੇਂ ਆਢਾ ਲਾਇਆ ਹੋਇਆ ਏ, ਇਹ ਵੀ ਉਹੋ ਕੁਝ ਕਰਨਗੇ। ਸੱਪ ਦੇ ਬੱਚਿਆਂ ਨੂੰ ਮਾਰ ਦੇਣਾ ਹੀ ਠੀਕ ਹੈ।
ਨੀਕੇ ਬਾਲਕ ਤੁਮ ਮਤ ਜਾਨਹੁ, ਨਾਗਹੁੰ ਕੇ ਇਹ ਪੂਤ ਬਖਾਨਉ॥
ਤੁਮਰੇ ਹਾਥ ਆਜ ਯਹ ਆਏ, ਕਰਹੁ ਅਬੈ ਅਪਨੋ ਮਨ ਭਾਏ॥
ਕ੍ਰਿਤ – ਭਾਈ ਦੁੱਨਾ ਸਿੰਘ ਹੰਡੂਰੀਆ
ਨਵਾਬ ਵਜ਼ੀਰ ਖਾਂ ਭੜਕ ਉੱਠਿਆ। ਸੁੱਚਾ ਨੰਦ ਦੀਆਂ ਗੱਲਾਂ ਬਲਦੀ ‘ਤੇ ਤੇਲ ਪਾਉਣ ਤੁੱਲ ਕੰਮ ਕਰ ਗਈਆਂ। ਨਵਾਬ ਨੇ ਕੋਲ ਬੈਠੇ ਕਾਜੀ ਰੁਸਤਮਦੀਨ ਤੇ ਅਲੀ ਖਾਂ ਨੂੰ ਕਿਹਾ, ਇਨ੍ਹਾਂ ਨੂੰ ਸ਼ਰ੍ਹਾ ਮੁਤਾਬਿਕ ਫਤਵਾ ਸੁਣਾਓ, ਇਹ ਬੱਚੇ ਛੱਡਣ ਯੋਗ ਨਹੀਂ ਹਨ। ਇਨ੍ਹਾਂ ਦੋਵਾਂ ਕਾਜੀਆਂ ਨੇ ਕੁਝ ਦੇਰ ਸਲਾਹ ਕੀਤੀ ਤੇ ਕਾਜੀ ਅਲੀ ਖਾਂ ਨੇ ਉੱਠ ਕੇ ਕਿਹਾ, ਇਹ ਬੱਚੇ ਇਸਲਾਮ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ । ਇਨ੍ਹਾਂ ਦਾ ਪਿਤਾ ਸਰਕਾਰ ਦਾ ਬਾਗੀ ਏ, ਆਪ ਸਾਰਿਆਂ ਨੇ ਸੁਣਿਆ ਕਿ ਇਹ ਆਪਣੇ ਬਾਪ ਦੀਆਂ ਲੀਹਾਂ ‘ਤੇ ਚੱਲਣ ਦੀ ਕਹਿ ਰਹੇ ਨੇ, ਇਨ੍ਹਾਂ ਨੂੰ ਬੱਚੇ ਜਾਣ ਕੇ ਕਿਸੇ ਤਰ੍ਹਾਂ ਦੀ ਨਰਮੀ ਨਾ ਵਰਤੀ ਜਾਵੇ। ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿਉਂਦੇ ਨੀਹਾਂ ਵਿੱਚ ਚਿਣ ਦਿੱਤਾ ਜਾਵੇ, ਸ਼ਰ੍ਹਾ ਦੇ ਕਾਨੂੰਨ ਮੁਤਾਬਿਕ ਇਹੋ ਸਜਾ ਦਿੱਤੀ ਜਾਵੇ। ਕਾਜੀ ਦਾ ਫਤਵਾ ਸੁਣ ਭਰੀ ਕਚਿਹਰੀ ਵਿੱਚ ਚੁੱਪ ਵਰਤ ਗਈ। ਇਨ੍ਹਾਂ ਬੱਚਿਆਂ ਮੁਤਾਬਿਕ ਏਨਾ ਕਰੜਾ ਫਤਵਾ ਸੁਣਾਇਆ ਜਾਵੇਗਾ, ਇਸਦੀ ਕਿਸੇ ਨੂੰ ਆਸ ਨਹੀਂ ਸੀ। ਵਜ਼ੀਰ ਖਾਂ ਨੇ ਕਚਿਹਰੀ ਵਿੱਚ ਬੈਠੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਕੋਲ ਸੱਦਿਆ, ਉਸਦੇ ਨਾਲ ਖਿਜਰ ਖਾਂ ਉਸਦਾ ਭਰਾ ਵੀ ਆਇਆ। ਇਨ੍ਹਾਂ ਦੋਨਾਂ ਨੂੰ ਵਜ਼ੀਰ ਖਾਂ ਨੇ ਕਿਹਾ, ਤੁਹਾਡਾ ਭਰਾ ਨਾਹਰ ਖਾਂ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਚਮਕੌਰ ‘ਚ ਮਾਰਿਆ ਗਿਆ ਸੀ। ਆਪਣੇ ਭਰਾ ਦਾ ਬਦਲਾ ਤੁਸੀਂ ਗੁਰੂ ਦੇ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ, ਮੈਂ ਇਨ੍ਹਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ। ਸ਼ੇਰ ਮੁਹੰਮਦ ਖਾਂ ਨੇ ਉੱਠ ਕੇ ਕਿਹਾ-
ਦੋਹਰਾ
ਸ਼ੇਰ ਮੁਹੰਮਦ ਨਹਿ ਗਨੀ, ਬੋਲਯੋ ਸੀਸ ਹਿਲਾਇ। ਹਮ ਮਾਰੈਂ ਸ਼ੀਰ ਖੋਰਿਆਂ, ਜਗ ਮੈਂ ਔਜਸ ਆਇ॥
ਸ੍ਰੀ ਗੁਰ ਪੰਥ ਪ੍ਰਕਾਸ਼ – ਰਤਨ ਸਿੰਘ ਭੰਗੂ – ਪੰਨਾ ੧੦੪ (ਸ਼੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ)
ਇਨ੍ਹਾਂ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਅਸੀਂ ਬਦਨਾਮੀ ਨਹੀਂ ਖੱਟਾਂਗੇ। ਆਪਣੇ ਭਰਾ ਦਾ ਬਦਲਾ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਲਵਾਂਗੇ। ਉਸਦੇ ਬੇਕਸੂਰ ਛੋਟੇ-ਛੋਟੇ ਬੱਚਿਆਂ ਨੂੰ ਮਾਰ ਕੇ ਅਸੀਂ ਪਾਪਾਂ ਦੇ ਭਾਗੀ ਨਹੀਂ ਬਣਾਂਗੇ। ਨਵਾਬ ਸਾਹਿਬ ਮਾਸੂਮ ਦੁੱਧ ਪੀਂਦੇ ਬੱਚਿਆਂ ਨੂੰ ਬੇਕਸੂਰ ਨੀਹਾਂ ਵਿੱਚ ਚਿਣਾ ਕੇ ਮਾਰਨਾ ਸ਼ਰ੍ਹਾ ਦੇ ਵਿਰੁੱਧ ਹੈ। ਇਨ੍ਹਾਂ ਨੂੰ ਛੱਡ ਦੇਣਾ ਹੀ ਇਸਲਾਮ ਦਾ ਕਾਨੂੰਨ ਏ। ਇਹ ਅਨਿਆਏ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਇਹੋ ਹਾਅ ਦਾ ਨਾਅਰਾ ਮਾਰਦੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਤੇ ਉਸਦਾ ਭਰਾ ਖਿਜਰ ਖਾਂ ਉੱਠ ਕੇ ਕਚਿਹਰੀ ਤੋਂ ਬਾਹਰ ਚਲੇ ਗਏ । ਸੱਚ ਦੀ ਅਵਾਜ ਕੂੜ ਦੇ ਪਸਾਰੇ ਵਿੱਚ ਸ਼ੇਰ ਮੁਹੰਮਦ ਖਾਂ ਦੇ ਨਾਲ ਹੀ ਚਲੀ ਗਈ।
ਅਗਲਾ ਭਾਗ………