History of the days after Guru Gobind Singh Ji left Anandpur Sahib – 6-2-26

ਸ਼ਹੀਦੀਆਂ_ਤੋਂ_ਬਾਅਦ_ਵਜ਼ੀਰ_ਖਾਨ_ਦੀ_ਹਾਲਤ

ਛੋਟੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ ਦੀ ਸ਼ਹੀਦੀ ਤੋਂ ਬਾਅਦ ਰਾਣੀ ਜ਼ੈਨਾ ਵੀ ਸ਼ਹੀਦ ਹੋ ਗਈ ਤੇ ਮੋਤੀ ਰਾਮ ਮਹਿਰੇ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਗਿਆ। ਇਨ੍ਹਾਂ ਸ਼ਹੀਦੀਆਂ ਤੋਂ ਬਾਅਦ ਵਜ਼ੀਰ ਖਾਨ ਦੀ ਆਤਮਾ ਤੋਂ ਇਹ ਬੱਜਰ ਪਾਪਾਂ ਦਾ ਭਾਰ ਝੱਲ ਨਾ ਹੋਇਆ ਤੇ ਉਹ ਸਰੀਰਕ ਅਤੇ ਮਾਨਸਿਕ ਰੋਗੀ ਹੋ ਗਿਆ। ਕਦੇ ਉਸ ਦੇ ਪੇਟ ‘ਚ ਸੂਲ ਹੋਣ ਲੱਗਦਾ ਤੇ ਕਦੇ ਅਫਾਰਾ ਪੈ ਜਾਂਦਾ। ਦਿਨ ਨੂੰ ਡਰਿਆ-ਸਹਿਮਿਆ ਹੋਇਆ ਰਹਿੰਦਾ ਤੇ ਰਾਤ ਨੂੰ ਸੁੱਤਾ ਪਿਆ ਬੁੜ-ਬੁੜਾਉਂਦਾ ਹੋਇਆ ਹਾਇ-ਹਾਇ ਕਰਦਾ ਪਲੰਘ ਤੋਂ ਉੱਠ ਨੱਠਦਾ। ਪੁੱਛਣ ‘ਤੇ ਉਹ ਦੱਸਦਾ ਕਿ ਜਿਨ੍ਹਾਂ ਬਾਲਕਾਂ ਨੂੰ ਉਸ ਨੇ ਮਰਵਾਇਆ ਹੈ ਉਹ ਨੀਲੇ ਬਾਣੇ ‘ਚ ਆ ਕੇ ਰਾਤ ਨੂੰ ਮੇਰੇ ਸੋਟੇ ਮਾਰਦੇ ਨੇ ਤੇ ਹਰ ਵੇਲੇ ਮੇਰੇ ਦੁਆਲੇ ਕਟਾਰਾਂ ਲੈ ਕੇ ਫਿਰਦੇ ਰਹਿੰਦੇ ਹਨ। ਜਦੋਂ ਉਸ ਨੂੰ ਦਿਨ-ਰਾਤ ਵੀ ਚੈਨ ਨਾ ਆਇਆ ਤਾਂ ਕਈ ਮੁੱਲਾਣਿਆਂ ਨੂੰ ਸੱਦ ਕੇ ਉਨ੍ਹਾਂ ਤੋਂ ਧਾਗੇ-ਤਵੀਤਾਂ ਰਾਹੀਂ ਗੁਪਤ ਰੂਹਾਂ ਦਾ ਬੰਨ੍ਹਣ ਕਰਵਾਇਆ। ਇਹ ਸਭ ਕੁਝ ਕਰਨ ਨਾਲ ਪਾਪੀ ਨਵਾਬ ਦਾ ਅੱਗੇ ਨਾਲੋਂ ਵੀ ਬੁਰਾ ਹਾਲ ਹੋ ਗਿਆ। ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ, ਜੇਕਰ ਕੋਈ ਸਿਪਾਹੀ ਜਾਂ ਹੋਰ ਕੋਈ ਵੀ ਉੱਧਰ ਪਿਸ਼ਾਬ ਆਦਿਕ ਕਿਰਿਆ ਕਰਨ ਜਾਂਦਾ ਤਾਂ ਉਹ ਉੱਥੇ ਹੀ ਡਿੱਗ ਜਾਂਦਾ ਕਿ ਜਿਵੇਂ ਉਸ ਨੂੰ ਕਿਸੇ ਨੇ ਫੜ ਕੇ ਸੁੱਟਿਆ ਹੋਵੇ। ਅਜਿਹੀ ਕਿਰਿਆ ਕਰਨ ‘ਤੇ ਬਹੁਤ ਕਸ਼ਟ ਹੁੰਦਾ ਤੇ ਉਹ ਰੋਗੀ ਹੋ ਜਾਂਦੇ। ਤੁਰਕ ਸਿਪਾਹੀ ਜਾਂ ਨੌਕਰ ਜਦੋਂ ਵੀ ਆਪਸ ਵਿੱਚ ਇਕੱਠੇ ਹੋ ਕੇ ਬੈਠਦੇ ਤਾਂ ਇੱਕ-ਦੂਜੇ ਨਾਲ ਡਰੇ ਹੋਏ ਮਨ ਨਾਲ ਗੱਲਾਂ ਕਰਦੇ ਕਿ ਓਧਰ (ਸ਼ਹੀਦੀ ਸਥਾਨ) ਨਾ ਜਾਇਓ, ਨਹੀਂ ਤਾਂ ਮਾਰੇ ਜਾਓਗੇ। ਮੌਲਾਣਿਆਂ ਨੇ ਇਕੱਠੇ ਹੋ ਕੇ ਵਜ਼ੀਰ ਖਾਨ ਲਈ ਪ੍ਰਾਰਥਨਾ ਕੀਤੀ ਤੇ ਕੁਰਾਨ ਵਿੱਚੋਂ ਇਸਲਾਮ ਧਰਮ ਦਾ ਮੂਲ ਮੰਤ੍ਰ ਵੀ ਪੜ੍ਹਿਆ ਜੋ ਰੋਗੀਆਂ ਦੇ ਰੋਗ ਦੂਰ ਕਰਨ ਲਈ ਅਤੇ ਮਰੇ ਹੋਏ ਪ੍ਰਾਣੀਆਂ ਦੇ ਭਲੇ ਲਈ ਪੜ੍ਹਿਆ ਜਾਂਦਾ ਹੈ। ਇਹ ਸਭ ਕੁਝ ਕਰਨ ਨਾਲ ਵੀ ਵਜ਼ੀਰ ਖਾਨ ਨੂੰ ਦਿਨੇ-ਰਾਤੀਂ ਚੈਨ ਨਾ ਆਇਆ ਤੇ ਉਸ ਦੇ ਤਨ-ਮਨ ਨੂੰ ਤੜਫਣਾ ਹੀ ਲੱਗੀ ਰਹੇ। ਮੌਲਾਣਿਆਂ ਕੋਲੋਂ ਕੁਝ ਨਾ ਹੁੰਦਾ ਦੇਖ ਕੇ ਉਹ ਹਿੰਦੂ ਧਰਮ ਦੇ ਲੋਕਾਂ ਕੋਲੋਂ ਸਿਰ ਪਈ ਮੁਸੀਬਤ ਦਾ ਉਪਾਅ ਪੁੱਛਣ ਲੱਗਾ। ਇੱਕ ਦਿਨ ਕੋਟ ਕਪੂਰੇ ਦਾ ਚੌਧਰੀ ਕਪੂਰਾ ਬਰਾੜ ਸਰਹਿੰਦ ਹਾਲਾ ਦੇਣ ਲਈ ਆਇਆ ਤਾਂ ਵਜ਼ੀਰ ਖਾਨ ਨੇ ਆਪਣੇ ਹਾਲਾਤਾਂ ਬਾਰੇ ਉਸ ਨੂੰ ਦੱਸਿਆ। ਕਪੂਰਾ ਚੌਧਰੀ ਗੁਰੂ ਘਰ ਨਾਲ ਪ੍ਰੀਤ ਰੱਖਦਾ ਸੀ ਤੇ ਮੁਗਲ ਹਕੂਮਤ ਤੋਂ ਵੀ ਡਰਦਾ ਸੀ ਜੋ ਬਾਅਦ ‘ਚ ਦਸ਼ਮੇਸ਼ ਜੀ ਕੋਲੋਂ ਅੰਮ੍ਰਿਤ ਛਕ ਕੇ ਕਪੂਰ ਸਿੰਘ ਬਣ ਗਿਆ ਸੀ। ਕਪੂਰੇ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਜਿੱਥੇ ਗੁਰੂ ਜੀ ਦੇ ਬੱਚੇ ਨੀਹਾਂ ‘ਚ ਚਿਣਾਏ ਸੀ ਉੱਥੇ ਉਨ੍ਹਾਂ ਦੀ ਜਗ੍ਹਾ (ਸਥਾਨ) ਬਣਾ ਦੇਵੋ ਤੇ ਹਰ ਰਾਤ ਨੂੰ ਉੱਥੇ ਦੀਵਾ ਜਗਾਵੋ। ਉੱਥੇ ਕੜਾਹ ਪ੍ਰਸ਼ਾਦ ਕਰਕੇ ਅਰਦਾਸ ਕਰਾਵੋ, ਕਿਸੇ ਇੱਕ ਸਿੱਖ ਨੂੰ ਉੱਥੇ ਸੱਦ ਕੇ ਉਸ ਪਾਸੋਂ ਇਹ ਸਾਰਾ ਕੁਝ ਕਰਵਾ ਲਓ। ਕਪੂਰਾ ਇਹ ਨਸੀਹਤ ਵਜ਼ੀਰ ਖਾਨ ਨੂੰ ਦੇ ਕੇ ਵਾਪਸ ਆਪਣੀ ਰਿਆਸਤ ਕੋਟ ਕਪੂਰਾ ਨੂੰ ਚਲਾ ਗਿਆ। ਮਰਦਾ ਕੀ ਨਹੀਂ ਕਰਦਾ ਦੇ ਅਖਾਣ ਅਨੁਸਾਰ ਪਾਪੀ ਵਜ਼ੀਰ ਖਾਨ ਨੇ ਤੁਰੰਤ ਹੀ ਕਿਸੇ ਸਿੱਖ ਪਾਸੋਂ ਸ਼ਹੀਦੀ ਸਥਾਨ ‘ਤੇ ਚਬੂਤਰਾ (ਥੜਾ) ਬਣਾ ਕੇ ਓਸੇ ਸਿੱਖ ਨੂੰ ਉਸ ਥੜੇ ਦੀ ਸੇਵਾ ਲਈ ਨੀਯਤ ਕਰ ਦਿੱਤਾ।

ਬਜੀਰੈ ਮਨਜੂਰ ਸਭ ਕਰ ਲਈ,
ਅਪਨੇ ਦੁਖ ਤੇ ਦੇਰ ਨ ਕਈ॥
ਦੀਨੋ ਖਰਚ ਚਬੂਤਰੈ ਲਾਇ,
ਐਸੇ ਦਯੋ ਉਨ ਬੂਢਨ ਬਤਾਇ॥
ਸ੍ਰੀ ਗੁਰ ਪੰਥ ਪ੍ਰਕਾਸ਼ – ਭਾਈ ਰਤਨ ਸਿੰਘ ਭੰਗੂ

੧੭੬੪ ਈ: ਨੂੰ ਸਰਹਿੰਦ ਦਾ ਨਾਸ਼ ਕਰਨ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਸਿਆਣੀ ਉਮਰ ਦੇ ਬਜੁਰਗਾਂ ਨੂੰ ਸੱਦ ਬੁਲਾਇਆ ਤਾਂ ਕਿ ਉਹ ਸਾਹਿਬਜ਼ਾਦਿਆਂ ਦੇ ਸਥਾਨਾਂ ਦੀ ਜਾਣਕਾਰੀ ਦੇਣ। ਬਜੁਰਗਾਂ ਨੇ ਠੰਡਾ ਬੁਰਜ, ਸ਼ਹੀਦੀ ਸਥਾਨ, ਬਿਬਾਨਗੜ੍ਹ ਅਤੇ ਜੋਤੀ ਸਰੂਪ ਦੇ ਸਥਾਨਾਂ ਦੀ ਨਿਸ਼ਾਨ ਦੇਹੀ ਕਰਦਿਆਂ ਹੋਇਆਂ ਵਜ਼ੀਰ ਖਾਨ ਦੀ ਹਾਲਤ ਦਾ ਵੇਰਵਾ ਵੀ ਸੁਣਾਇਆ ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਦਰਜ ਹੈ। ਭਾਈ ਰਤਨ ਸਿੰਘ ਭੰਗੂ ਦਾ ਪਿਤਾ ਰਾਇ ਸਿੰਘ ਵੀ ਸਰਹਿੰਦ ਫਤਹਿ ਵਿੱਚ ਸ਼ਾਮਿਲ ਸੀ, ਉਸ ਨੇ ਜੋ ਦੱਸਿਆ ਉਹ ਭੰਗੂ ਜੀ ਨੇ ਲਿਖਿਆ ਹੈ। ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਵੀ ਉਪਰੋਕਤ ਵਾਰਤਾ ਦਰਜ ਹੈ। ਸਾਹਿਬਜ਼ਾਦਿਆਂ ਨੇ ਸ਼ਹੀਦ ਹੋਣ ਤੋਂ ਬਾਅਦ ਪਾਪੀ ਵਜ਼ੀਰ ਖਾਨ ਨੂੰ ਇਹ ਦਰਸਾ ਦਿੱਤਾ ਕਿ ਸ਼ਹੀਦ ਕਦੇ ਮਰਦੇ ਨਹੀਂ ਹੁੰਦੇ। ਸ਼ਹੀਦੀਆਂ ਤੋਂ ਬਾਅਦ ਵਜ਼ੀਰ ਖਾਨ ਕਦੇ ਵੀ ਸੁੱਖ ਦੀ ਨੀਂਦ ਨਾ ਸੌਂ ਸਕਿਆ। ਉਹ ਤਨੋ-ਮਨੋ ਸੜਦਾ ਹੋਇਆ ਅੰਤ ਨੂੰ ਨਰਕਾਂ ਦੀ ਅਗਨੀ ਵਿੱਚ ਜਾ ਸੜਿਆ।

You may also like these