ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ
ਇਥੇ ਪਹੁੰਚ ਕੇ ਇੱਕ ਪੱਖ ਹੋਰ ਵੀ ਪ੍ਰਗਟ ਹੁੰਦਾ ਹੈ ਕਿ ‘ਨਾਨਕੀ ਪਿਆਉ’ ਦੀ ਪਰੰਪਰਾ ਵਿੱਚ ਹੱਥੀਂ ਸੇਵਾ ਕਰਨ ਦਾ ਸਕੰਲਪ ਵੀ ਛੁਪਿਆ ਹੋਇਆ ਹੈ, ਜਿਹੜਾ ਕਿ ਛਬੀਲ ਦੀ ਇਸਲਾਮਿਕ ਪਰੰਪਰਾ ਵਿੱਚ ਨਹੀਂ । ਕਿਉਂਕਿ ਉਥੇ ਕੇਵਲ ਪਾਣੀ ਪੀਣ ਦੀ ਥਾਂ ਹੀ ਉਪਲਬਧ ਕਰਵਾਈ ਜਾਂਦੀ ਹੈ, ਹੱਥੀਂ ਪਿਲਾਉਣ ਦੀ ਭਾਵਨਾ ਨਹੀਂ । ਇਹੀ ਕਾਰਣ ਹੈ ਕਿ 19ਵੀਂ ਸਦੀ ਤਕ ਦੇ ਇਤਿਹਾਸ ਵਿੱਚ ਕਿਧਰੇ ਵੀ ਕੋਈ ਵਰਨਣ ਨਹੀਂ ਮਿਲਦਾ ਕਿ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਜਾਂ ਕਿਸੇ ਹੋਰ ਗੁਰਪੁਰਬ ਵੇਲੇ ਹੁਣ ਵਾਂਗ ਵਿਸ਼ੇਸ਼ ਛਬੀਲਾਂ ਲਗਾਈਆਂ ਗਈਆਂ ਹੋਣ ਤੇ ਲੋਕਾਂ ਨੂੰ ਘੇਰ ਘੇਰ ਕੇ ਭਾਂਤ ਭਾਂਤ ਦੇ ਸ਼ਰਬਤ ਪਿਲਾਏ ਗਏ ਹੋਣ । ਹਾਂ, ਗੁਰਇਤਿਹਾਸ ਵਿੱਚ ਐਸਾ ਵਰਨਣ ਤਾਂ ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਦੇ ਇਤਿਹਾਸ ਵੀ ਮਿਲਦਾ ਹੈ ਕਿ ਗਰਮੀ ਦੇ ਮੌਸਮ ਵਿੱਚ ਦੂਰ-ਦੁਰਾਡੇ ਤੋਂ ਆਈਆਂ ਸਿੱਖ ਸੰਗਤਾਂ ਲਈ ਕਦੀ ਕਦਾਈਂ ਗੁੜ ਤੇ ਜੌਆਂ ਦਾ ਸ਼ਰਬਤ ਬਣਾ ਕੇ ਜ਼ਰੂਰ ਪਿਲਾਇਆ ਜਾਂਦਾ ਸੀ, ਤਾਂ ਕਿ ਉਹ ਗਰਮੀ ਵਿੱਚ ਲੂ ਦੀ ਮਾਰ ਤੋਂ ਵੀ ਬਚ ਸਕਣ ਅਤੇ ਥੋੜਾ ਗਲੂਕੋਜ਼ ਮਿਲਣ ਨਾਲ ਉਨ੍ਹਾਂ ਦੀ ਥਕਾਵਟ ਵੀ ਦੂਰ ਹੋ ਸਕੇ ।