ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ
ਪ੍ਰਮਾਣ-ਪੁਰਖ, ਪ੍ਰਤੱਖ-ਹਰਿ ਅਤੇ ਸ਼ਹੀਦਾਂ ਦੇ ਸਿਰਤਾਜ ਬਣੇ ਸ੍ਰੀ ਗਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰਬਾਣੀ ਦੇ ਸੱਚ ਦੀ ਇੱਕ ਜੀਊਂਦੀ-ਜਾਗਦੀ ਤੇ ਪ੍ਰਤੱਖ ਸ਼ਹਾਦਤ (ਗਵਾਹੀ) ਹੈ । ਇਹ ਪ੍ਰਤੱਖ ਪ੍ਰਮਾਣ ਹੈ ਇਸ ਸੱਚ ਦਾ ਹੈ ਕਿ ਗੁਰਬਾਣੀ ਦੇ ਸ਼ਬਦ ਤੇ ਸਿਧਾਂਤ ਕੇਵਲ ਪ੍ਰੜ੍ਹਣ, ਸੁਣਨ, ਕਥਨ ਤੇ ਗਾਉਣ ਲਈ ਹੀ ਨਹੀਂ, ਸਗੋਂ ਇਨ੍ਹਾਂ ਨੂੰ ਰੋਜ਼ਾਨਾ ਦੇ ਜੀਵਨ ਵਿੱਚ ਜੀਵਿਆ ਵੀ ਜਾ ਸਕਦਾ ਹੈ । ਕਿਉਂਕਿ, ਜੇ ਗੁਰਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰੰਦੇ ਦੀਆਂ ਤਰਬਾਂ ਛੇੜ ਕੇ ਗਾਇਆ ਕਿ “ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ, ਚਲਤੇ ਰਾਖਿਓ ਚੀਤਿ ॥” {ਪੰ. 1000} ਤਾਂ ਉਹ 30 ਮਈ ਸੰਨ 1606 ਨੂੰ ਲਹੌਰ ਵਿੱਚ ਮੁਗਲੀਆ ਹਕੂਮਤ ਦੀ ਅੱਗ ਵਾਂਗ ਭੱਖਦੀ ਤੱਤੀ ਤਵੀ ’ਤੇ ਚੌਂਕੜਾ ਮਾਰ ਕੇ ਲੂਸਦਿਆਂ ‘ਚਲਤੇ ਰਾਖਿਓ ਚੀਤਿ ॥” ਵਾਲੇ ਉਪਰੋਕਤ ਸੱਚ ਦੇ ਗਵਾਹ ਵੀ ਬਣੇ ।ਸ਼ੁਕਰ ਹੈ ਉਸ ਵੇਲੇ ਡਾ. ਗੰਡਾ ਸਿੰਘ ਤੇ ਕਰਮ ਸਿੰਘ ਵਰਗੇ ਗੁਰੂ ਤੇ ਪੰਥ ਨੂੰ ਸਮਰਪਤ ਖੋਜੀ ਇਤਿਹਾਸਕਾਰ ਮਜੂਦ ਸਨ, ਜਿਨ੍ਹਾਂ ਨੇ 1931 ਵਿੱਚ ਜਹਾਂਗੀਰ ਦੀ ਨਿਜੀ ਡਾਇਰੀ ‘ਤੁਜ਼ਕ-ਇ- ਜਹਾਗੀਰੀ, ਸ਼ੇਖ ਅਹਿਮਦ ਸਰਹੰਦੀ ਵੱਲੋਂ ਲਿਖੀਆਂ ਚਿੱਠੀਆਂ ‘ਮਕਤੂਬਤ-ਇ-ਰੁਬਾਨੀ’ ਅਤੇ ਗੁਰੂ ਕਾਲ ਦੇ ਇਤਿਹਾਸਕਾਰ ਮੁਹਸਨਫ਼ਾਨੀ ਦੀ ਦੁਰਲਭ ਪੁਸਤਕ ‘ ਦਬਿਸਤਾਨ-ਇ-ਮਜ਼ਾਹਬ’ ਲੱਭ ਕੇ ਇੱਕ ਤਾਂ ਇਹ ਸਿੱਧ ਕੀਤਾ ਕਿ ਗੁਰੂ ਜੀ ਦੀ ਸ਼ਹਾਦਤ ਨਿਰੋਲ ਸਿਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੇ ਆਦਿ ਬੀੜ (ਪੋਥੀ ਸਾਹਿਬ) ਦੇ ਰੂਪ ਵਿੱਚ ਗੁਰਮਤ ਸਿਧਾਂਤਾਂ ਦੀ ਸ਼ੁਧਤਾ ਨੂੰ ਕਾਇਮ ਰੱਖਣ ਲਈ ਹੋਈ । ਦੂਜੇ, ਹਕੂਮਤ ਵੱਲੋਂ ਗੁਰੂ ਅਰਜਨ ਸਾਹਿਬ ਜੀ ਨੂੰ ਕੋਈ ਜ਼ੁਰਮਾਨਾ ਨਹੀਂ ਸੀ ਕੀਤਾ ਗਿਆ । ਅਤੇ ਤੀਜੇ, ਗੁਰੂ ਜੀ ਦੀ ਸ਼ਹੀਦੀ ਲਈ ਤਰਤੀਬਵਾਰ ਮੁੱਖ ਦੋਸ਼ੀ ਸਨ ਬਾਦਸ਼ਾਹ ਜਹਾਂਗੀਰ, ਲਹੌਰ ਦਾ ਸੂਬੇਦਾਰ ਸ਼ੇਖ ਮੁਰਤਜ਼ਾ ਖ਼ਾਨ ਤੇ ਸ਼ੇਖ ਸਰਹੰਦੀ । ਪਰ, ਲਹੌਰ ਦਰਬਾਰ ਵਿੱਚ ਮਨੂੰਵਾਦੀ-ਸੋਚ ਦੀ ਨੁਮਾਇੰਦਗੀ ਕਰਨ ਵਾਲੇ ਚੰਦੂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ, ਜਿਹੜਾ ਉਪਰੋਕਤ ਤਿਗੜੀ ਦਾ ਹੱਥ ਠੋਕਾ ਬਣ ਕੇ ਗੁਰੂ ਜੀ ਨੂੰ ਤਸੀਹੇ ਦੇਣ ਵਿੱਚ ਮੁਹਰੀ ਰੋਲ ਨਿਭਾਂਦਾ ਰਿਹਾ । ਕਿਉਂਕਿ, ਜੇ ਚੰਦੂ ਦੋਸ਼ੀ ਨਾ ਹੁੰਦਾ ਤਾਂ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਗੁਰੂ ਦੇ ਸਿੱਖ ਚੰਦੂ ਦੇ ਜੱਦੀ ਪਿੰਡ ਕਲਾਨੌਰ ਖੜ ਕੇ ਉਸ ਨੂੰ ਸਜ਼ਾਇ ਮੌਤ ਨਾ ਦਿੰਦੇ ।