ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਛਬੀਲ ਪਰੰਪਰਾ
ਜੇ ਚੰਦੂ ਪ੍ਰਵਾਰ ਗੁਰੂ ਜੀ ਦਾ ਸ਼ਰਧਾਲੂ ਹੁੰਦਾ ਤਾਂ ਭੱਟ-ਵਹੀਆਂ ਮੁਤਾਬਿਕ ਉਸ ਦਾ ਲੜਕਾ ਕਰਮਚੰਦ, ਬਟਾਲੇ ਪਰਗਣੇ ਦੇ ਭਗਵਾਨ ਦਾਸ ਘੇਰੜ ਨਾਲ ਮਿਲ ਕੇ ਰੋਹੀਲਾ ਨਾਂ ਦੇ ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਹਮਲਾਵਰ ਨਾ ਹੁੰਦਾ ਅਤੇ ਫਿਰ ਇਨ੍ਹਾਂ ਦਾ ਹੀ ਰਿਸ਼ਤੇਦਾਰ ਖਤਰੀ ਸੁੱਚਾ ਨੰਦ ਸਰਹਿੰਦ ਦੀ ਕਚਿਹਰੀ ਵਿੱਚ ਦਸਮ ਗੁਰੂ-ਪਾਤਸ਼ਾਹ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਪ੍ਰਤੀ ਜ਼ਹਿਰ ਨਾ ਉਗਲਦਾ । ਪਰ, ਦੁੱਖ ਦੀ ਗੱਲ ਹੈ ਕਿ ਜਿਹੜੇ ਗੁਰਸਿੱਖ ਪ੍ਰਚਾਰਕ ਇਤਿਹਾਸ ਦੇ ਉਪਰੋਕਤ ਤੱਥਾਂ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਪਿੱਛਲੇ ਕੁਝ ਦਹਾਕਿਆਂ ਤੋਂ ਸ਼ਰਬਤੀ ਛਬੀਲਾਂ ਲਾਉਣ ਦੀ ਥਾਂ ਗੁਰਇਤਿਹਾਸ ਅਤੇ ਗੁਰਮਤਿ ਸਾਹਿਤ ਦੀਆਂ ਛਬੀਲਾਂ ਲਾਉਣ ਦੀ ਵਕਾਲਤ ਕਰਦੇ ਆ ਰਹੇ ਹਨ; ਉਨ੍ਹਾਂ ਨੂੰ ਅਸ਼ਰਧਾਲੂ ਮਿਸ਼ਨਰੀ ਕਹਿ ਕੇ ਭੰਡਿਆ ਜਾ ਰਿਹਾ ਹੈ । ਦੇਸ਼ ਵਿਦੇਸ਼ ਵਿਖੇ ਉਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਲਈ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪਰ ਇੰਟਰਨੈਟ ਦੇ ਅਜੋਕੇ ਦੌਰ ਵਿੱਚ ਵੀ ਜਿਹੜੇ ਲੋਕ ਅਜੇ ਵੀ ਚੰਦੂ ਦੀ ਨੋਂਹ ਨੂੰ ਗੁਰੂ ਜੀ ਸ਼ਰਧਾਲੂ ਦੱਸ ਕੇ ਉਸ ਦੀ ਹੱਥੀਂ ਸ਼ਰਬਤ ਪਿਲਾਈ ਜਾ ਰਹੇ ਹਨ, ਉਨ੍ਹਾਂ ਨੂੰ ਸ਼ਰਧਾਲੂ ਤੇ ਟਕਸਾਲੀ ਪ੍ਰਚਾਰਕ ਦਸਿਆ ਜਾ ਰਿਹਾ ਹੈ । ਅਤਿਅੰਤ ਚਿੰਤਾਜਨਕ ਸਥਿਤੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਰਗੀਆਂ ਪ੍ਰਮੁਖ ਸਿੱਖ ਸੰਸਥਾਵਾਂ, ਜਿਨ੍ਹਾਂ ਨੇ ਕੌਮੀ ਵਿਵਾਦਾਂ ਦਾ ਕੋਈ ਹੱਲ ਕੱਢਣਾ ਸੀ , ਉਹ ਕੇਵਲ ਮੂਕ ਦਰਸ਼ਕ ਬਣ ਕੇ ਤਮਾਸ਼ਗੀਰ ਹੀ ਨਹੀਂ ਬਣੀ ਬੈਠੀਆਂ । ਸਗੋਂ ਤੱਤ ਗੁਰਮਤ ਪ੍ਰਚਾਰਕਾਂ ਦੇ ਕਾਤਲਾਂ ਤੇ ਖ਼ੂਨੀ ਛਬੀਲਾਂ ਲਗਾਉਣ ਵਾਲੇ ਹਮਲਾਵਰਾਂ ਨੂੰ ਆਪਣੀ ਬੁੱਕਲ ਵਿੱਚ ਲਕੋਅ ਵੀ ਰਹੀਆਂ ਹਨ । ਹੋਰ ਬਦਕਿਸਮਤੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਂ ਹੇਠ ਸਥਾਪਤ ਰਾਜਨੀਤਕ ਸਿੱਖ ਜਥੇਬੰਦੀਆਂ ਵੀ ਉਨ੍ਹਾਂ ਦਾ ਹੀ ਪੁਸ਼ਤ-ਪਨਾਹੀ ਕਰਦੀਆਂ ਜਾਪਦੀਆਂ ਹਨ । ਕਿਉਂਕਿ ਦਿੱਲੀ ਦੀ ਕੇਂਦਰੀ ਸਰਕਾਰ ਤੱਤ-ਗੁਰਮਤ ਦਾ ਪ੍ਰਚਾਰ ਨਹੀਂ ਚਹੁੰਦੀ ।