ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ “ਮਾਨਵਤਾ ਨੂੰ ਲਾਸਾਨੀ ਦੇਣ”
ਫ਼ਿਰ ਇਹ ਵੀ ਕਿ ਪੰਜਵੇਂ ਪਾਤਸ਼ਾਹ ਦੇ ਜੀਵਨ ਕਾਲ `ਚ ੧੨-੧੩ ਸਾਲ ਦਾ ਉਹ ਸਮਾਂ ਵੀ ਹੈ ਜਦੋਂ ਗੁਰਦੇਵ ਆਪਣੇ ਮਹਿਲਾਂ ਤੇ ਅਤਿ ਮਾਸੂਮ ਉਮਰ ਦੇ ਬਾਲਕ (ਗੁਰੂ) ਹਰਿਗੋਬਿੰਦ ਜੀ ਨੂੰ ਨਾਲ ਲੈ ਕੇ, ਨਿਰੋਲ ਸਿੱਖ ਧਰਮ ਦੇ ਪ੍ਰਚਾਰ ਦੇ ਦੌਰੇ `ਤੇ ਹੀ ਵਿਚਰੇ ਸਨ। ਇਹ ਵੀ ਕਿ ਜਦੋਂ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਉਸ ਸਮੇਂ ਵੀ ਪਾਤਸ਼ਾਹ ਆਪਣੇ ਨਿਵਾਸ ਸਥਾਨ, ਸ੍ਰੀ ਅਮ੍ਰਿਤਸਰ ਸਾਹਿਬ `ਚ ਨਹੀਂ ਸਨ। ਬਲਕਿ ਉਸ ਸਮੇਂ ਆਪ ਔੜ ਤੇ ਚੇਚਕ ਆਦਿ ਦੀ ਮਹਾਮਾਰੀ ਹੇਠ ਆਏ ਹੋਏ ਇਲਾਕਿਆਂ `ਚ ਤੇ ਅਤਿਅੰਤ ਹੀ ਸਖ਼ਤ ਹਾਲਾਤਾਂ `ਚ ਵਿਚਰ ਰਹੇ ਸਨ। ਓਦੋਂ ਤਾਂ ਆਪ ਦਰਦੀਆਂ ਦਾ ਦਰਦ ਵੰਡਾਉਣ `ਚ ਆਪਣਾ ਦਿਨ ਤੇ ਰਾਤ ਵੀ ਇੱਕ ਕਰ ਰਹੇ ਸਨ।
ਇਹ ਵੀ ਠੀਕ ਉਸੇ ਤਰ੍ਹਾਂ, ਜਿਵੇਂ ਅੱਗੇ ਜਾ ਕੇ ਦਸਮੇਸ਼ ਜੀ ਦੇ ਆਗਮਨ ਸਮੇਂ ਨੌਵੇਂ ਪਾਤਸ਼ਾਹ, ਨਾ ਬਕਾਲੇ `ਚ ਸਨ ਨਾ ਆਪਣੇ ਨਵੇਂ ਵਸਾਏ ਅਨੰਦਪੁਰ ਸਾਹਿਬ `ਚ ਆਰਾਮ ਕਰ ਰਹੇ ਸਨ। ਆਪ ਮਜ਼ਲੂਮਾਂ ਦੀ ਬਹੁੜੀ ਕਰਣ ਲਈ ਪੂਰਬ ਦੇਸ਼ ਦੇ ਦੌਰੇ `ਤੇ ਸਨ। ਸੰਸਾਰ ਤਲ ਦਾ ਰਿਕਾਰਡ ਹੈ, ਅਨੰਦ ਕਾਰਜ ਦੇ ੩੨ (ਬੱਤੀ) ਵਰ੍ਹੇ ਬਾਅਦ ਜਦੋਂ ਪ੍ਰਵਾਰ `ਚ ਪਹਿਲੇ ਚਿਰਾਗ਼ (ਗੁਰੂ ਗੋਬਿੰਦ ਸਿੰਘ ਜੀ) ਦੇ ਰੋਸ਼ਨ ਹੋਣ `ਚ ਕੇਵਲ ਦੋ ਮਹੀਨੇ ਬਾਕੀ ਸਨ ਤਾਂ ਵੀ ਦੁਖੀਆਂ ਦੇ ਦਰਦੀ ਨੌਵੇਂ ਪਾਤਸ਼ਾਹ ਪ੍ਰਵਾਰ `ਚ ਮਾਤਾ ਗੁਜਰ ਕੌਰ ਕੋਲ ਨਹੀਂ ਸਨ ਬਲਕਿ ਉਸੇ ਪ੍ਰਚਾਰ ਦੇ ਦੌਰੇ `ਤੇ ਹੀ ਸਨ।