ਅਨੰਦ ਕਾਰਜ ਅਤੇ ਸੰਤਾਨ-
ਪੰਜਵੇਂ ਪਾਤਸ਼ਾਹ ਦਾ ਅਨੰਦ ਕਾਰਜ 26 ਸਾਲ ਦੀ ਉਮਰ ਵਿਚ 19 ਜੂਨ ਸੰਨ 1589 ਨੂੰ ਮਉ ਪਿੰਡ ਤਹਿਸੀਲ-ਫਿਲੌਰ ਜਿ਼ਲਾ ਜਲੰਧਰ ਦੇ ਭਾਈ ਕਿਸ਼ਨ ਚੰਦ ਦੀ ਸਪੁਤ੍ਰੀ (ਮਾਤਾ) ਗੰਗਾ ਜੀ ਨਾਲ ਹੋਇਆ। ਛੇ ਸਾਲ ਬਾਦ 19 ਜੂਨ ਸੰਨ 1595 ਨੂੰ ਵਡਾਲੀ ਸਾਹਿਬ ਵਿਖੇ ਆਪਜੀ ਦੇ ਇਕਲੋਤੇ ਸਪੁਤ੍ਰ ਮਹਾਬਲ਼ੀ ਯੋਧੇ (ਗੁਰੂ) ਹਰਿਗੋਬਿੰਦ ਸਾਹਿਬ ਦਾ ਆਗਮਨ ਹੋਇਆ।
ਗੁਰੂ ਅਰਜਨ ਪਾਤਸ਼ਾਹ, ਨੇਸ਼ਨ ਬਿਲਡਰ ਦੇ ਰੂਪ ਵਿਚ-
ਇਸ ਸਮੇਂ ਤੀਕ, ਸਖੀ ਸਰਵਰੀਏ ਲਗਭਗ ਸਾਰੇ ਪੰਜਾਬ ਉਪਰ ਛਾ ਚੁਕੇ ਸਨ। ਮਾਲਵੇ ਤੋਂ ਬਾਦ ਮਾਝਾ ਇਨ੍ਹਾਂ ਦਾ ਗੜ੍ਹ ਸੀ । ਦਰਅਸਲ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਸਖੀ ਸੁਲਤਾਨ ਅਤੇ ਗੁੱਗਾ ਪੂਜਾ ਇਹ ਦੌਵੇਂ ਬੜੇ ਸੌਖੇ ਰਸਤੇ ਸਨ। ਸਖੀ ਸਰਵਰੀਆਂ ਦੇ ਆਗੂਆਂ ਨੂੰ ਜੇਕਰ ਸਭ ਤੋਂ ਵੱਧ ਡਰ ਸੀ ਤਾਂ ਉਹ ਸਿੱਖੀ ਦੇ ਪ੍ਰਚਾਰ ਤੋਂ ਸੀ। ਪੰਜਵੇਂ ਪਾਤਸ਼ਾਹ ਨੇ ਇਸ ਗਲ ਦੀ ਪਰਵਾਹ ਕੀਤੇ ਬਿਨਾਂ, ਇਨ੍ਹਾਂ ਦੇ ਹੀ ਕੇਂਦਰ ਵਿਚ ਇੱਕ ਨਵਾਂ ਸਰੋਵਰ ਅਤੇ ਸ਼ਹਿਰ ‘ਤਰਨਤਾਰਨ’ ਵਸਾ ਦਿੱਤਾ। ਇਨ੍ਹਾਂ ਦੇ ਆਗੂ ਭਾਈ ਮੰਝ ਸਮੇਤ ਅਨੇਕਾਂ ਨੇ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ। ਇਥੇ ਹੀ ਗੁਰਦੇਵ ਨੇ ਕੋੜ੍ਹੀਆਂ ਵਾਸਤੇ ਹਸਪਤਾਲ ਵੀ ਬਣਵਾਇਆ ਜਿਸਨੂੰ ਸਿੱਖਾਂ ਨੇ ਸੰਭਾਲਿਆ ਹੀ ਨਹੀਂ। ਲੋਕਾਂ ਵਿਚ ਪਾਣੀ ਦੀ ਸਹੂਲੀਅਤ ਨੂੰ ਮੁਖ ਰਖਕੇ ਪਾਤਸ਼ਾਹ ਨੇ ਅਨੇਕਾਂ ਖੂਹ ਅਤੇ ਬਉਲ਼ੀਆਂ ਬਣਵਾਈਆਂ। ਸੰਨ 1592 ਵਿਚ ‘ਗੁਰੂ ਕੀ ਵੱਡਾਲੀ’ ਨੇੜੇ ‘ਛੇਹਰਟਾ’ ਖੂਹ ਲਗਵਾਇਆ। ਅਜਕਲ ਉਸ ਇਲਾਕੇ ਨੂੰ ‘ਛੇਹਰਟਾ ਸਾਹਿਬ’ ਕਹਿਕੇ ਜਾਣਿਆ ਜਾਂਦਾ ਹੈ। ਸੰਨ 1593 ਗੁਰੂਦਰ ਦੇ ਹੀ ਅਨਿੰਨ ਸੇਵਕ ਅਤੇ ਜਲੰਧਰ ਦੇ ਗਵਰਨਰ ਅਜ਼ੀਮ ਖਾਂ ਦੀ ਬੇਨਤੀ ਅਤੇ ਜਗ੍ਹਾ ਭੇਟਾ ਕਰਨ ਤੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ (ਜਲੰਧਰ) ਵਸਾਇਆ। ਸੰਨ 1597 ਵਿਚ ਆਪਜੀ ਨੇ ‘ਗੋਬਿੰਦ ਪੁਰ’ ਬਾਦ ਵਿਚ ‘ਹਰਿਗੋਬਿੰਦ ਪੁਰ’ ਵਸਾਇਆ। ਅੰਮ੍ਰਿਤਸਰ ਵਿਚ ਲੋਕਾਂ ਦੀ ਵਸੋਂ ਵਾਧੇ ਤੇ ਹੋਣ ਕਾਰਨ ਇਕ ਹੋਰ ਸਰੋਵਰ ‘ਰਾਮਸਰ’ ਬਣਵਾਇਆ। ਪਿੰਡ ਘੁਕੇਵਾਲੀ ਵਿਚ ਇਕ ਬਾਗ਼ ਬਣਵਾਇਆ ਅੱਜ ਇਸਦਾ ਨਾਮ ‘ਗੁਰੂ ਕਾ ਬਾਗ਼’ ਹੈ। ਉਪਰੰਤ ਬਾਉਲੀ ਸਾਹਿਬ ਲਾਹੌਰ ਵੀ ਬਣਵਾਇਆ।