ਲਾਹੌਰ ਵਿਚ ਕਾਲ, ਚੇਚਕ ਦਾ ਪ੍ਰਕੋਪ ਅਤੇ ਬਾਉਲੀ ਸਾਹਿਬ
ਸੰਨ 1597 ਵਿਚ ਲਾਹੌਰ ਵਿਚ ਭਿਅੰਕਰ ਕਾਲ ਪੈ ਗਿਆ ਉਪਰੰਤ ਚੇਚਕ ਫੁੱਟ ਪਈ। ਗਲੀਆਂ ਬਾਜ਼ਾਰ ਲਾਸ਼ਾਂ ਦੇ ਢੇਰ ਬਣਦੇ ਗਏ। ਗੁਰੂ ਪਾਤਸ਼ਾਹ, ਸੰਗਤਾਂ ਅਤੇ ਅਪਣੇ ਇਕਲੋਤੇ ਡੇੜ੍ਹ ਸਾਲ ਦੇ ਸਪੁਤ੍ਰ (ਗੁਰੂ) ਹਰਿਗੋਬਿੰਦ ਨੂੰ ਨਾਲ ਲੈ ਕੇ ਲੋਕਾਈ ਦੀ ਸੇਵਾ ਵਾਸਤੇ ਲਾਹੌਰ ਵਿਚ ਜੁੱਟ ਗਏ। ਹਥੀਂ ਦਵਾ-ਦਾਰੂ, ਬਿਸਤੱਰ ਸੇਵਾ, ਖਾਣਪੀਣ ਦਾ ਪ੍ਰਬੰਧ, ਲਾਸ਼ਾਂ ਦਾ ਸਸਕਾਰ ਕਰਦੇ ਰਹੇ। ਚੇਚਕ ਛੂਤ ਦੀ ਬਿਮਾਰੀ ਹੈ, ਬਾਲਕ ਹਰਗੋਬਿੰਦ ਵਾਸਤੇ ਇਸਦਾ ਮਾਰੂ ਅਸਰ ਹੋ ਸਕਦਾ ਸੀ। ਪਾਤਸ਼ਾਹ ਨੇ ਇਕਲੌਤੇ ਸਪੁਤ੍ਰ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ। ਡੱਬੀ ਬਾਜ਼ਾਰ ਲਾਹੌਰ ਵਿਚ, ਗੁਰੂ ਰਾਮਦਾਸ ਜੀ ਦੇ ਆਗਮਨ ਸਥਾਨ ਤੇ ਪਾਤਸ਼ਾਹ ਨੇ ਬਾਉਲੀ ਖੁਦਵਾਈ ਅਤੇ ਉਸ ਗੁਰਦੁਆਰੇ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਚਾਲੂ ਕਰਵਾ ਦਿਤਾ। ਜਿਸਤੋਂ ਭੁਖਮਰੀ ਦਾ ਸਿ਼ਕਾਰ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਇਆ। ਚੇਚਕ ਕਾਰਣ ਹਾਲਾਤ ਇੱਤਨੇ ਖਰਾਬ ਸਨ ਕਿ ਅਕਬਰ ਨੂੰ ਆਪ ਲਾਹੌਰ ਆਉਣਾ ਪਿਆ। ਅਕਬਰ, ਗੁਰੂ ਪਾਤਸ਼ਾਹ ਰਾਹੀਂ ਕੀਤੀ ਜਾ ਰਹੀ ਲੋਕਾਈ ਦੀ ਇਸ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂਦਰਬਾਰ ਨੂੰ ਜਾਗੀਰ ਦੇਣੀ ਚਾਹੀ ਪਰ ਪਾਤਸ਼ਾਹ ਨੇ ਮਨ੍ਹਾ ਕਰ ਦਿੱਤਾ। ਪਾਤਸ਼ਾਹ ਨੇ ਅਕਬਰ ਨੂੰ ਕਹਿਕੇ ਇਸ ਕੁਦਰਤੀ ਤਬਾਹੀ ਸਮੇਂ ਕਿਸਾਨਾਂ ਦਾ ਮਾਲੀਆ ਮੁਆਫ਼ ਕਰਵਾ ਦਿੱਤਾ। ਸਚਾਈ ਤਾਂ ਇਹ ਹੈਕਿ ਸਰਕਾਰੀ ਪੱਧਰ ਤੇ ਕੀਤੀ ਜਾ ਰਹੀ ਲੋਕਾਈ ਦੀ ਸੰਭਾਲ ਨਾਲੋਂ, ਗੁਰੂਦਰਬਾਰ ਦੀ ਦੇਣ ਕਿੱਧਰੇ ਕਈ ਗੁਣਾਂ ਵੱਧ ਸੀ।