ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ
ਭਗਤ ਬਾਣੀ ਸਮੇਤ ਪਹਿਲੇ ਪਾਤਸ਼ਾਹ ਤੋਂ ਲੈਕੇ ਚੌਥੇ ਪਾਤਸ਼ਾਹ ਤੀਕ ਦਾ ਬਾਣੀ ਸੰਗ੍ਰਹਿ, ਆਪ ਜੀ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਪ੍ਰਾਪਤ ਹੋ ਚੁਕਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਗਭਗ ਅੱਧੀ ਬਾਣੀ ਰਚਨਾ ਪੰਜਵੇਂ ਪਾਤਸ਼ਾਹ ਦੀ ਅਪਣੀ ਹੀ ਹੈ। ਕੁਲ 6000 ਸਲੋਕਾਂ ਵਿਚੋਂ 2312 ਸਲੋਕ, ਗਉੜੀ, ਗੁਜਰੀ, ਜੈਤਸਰੀ, ਬਸੰਤ, ਮਾਰੂ ਅਤੇ ਰਾਮਕਲੀ- ਛੇ ਵਾਰਾਂ ਅਤੇ ਬਾਣੀ ਸੁਖਮਨੀ ਸਮੇਤ ਕੁਲ 30 ਰਾਗਾਂ ਵਿਚ ਆਪਜੀ ਦੀ ਬਾਣੀ ਰਚਨਾ ਮੌਜੂਦ ਹੈ। ਸ੍ਰੀ ਅੰਮ੍ਰਿਤਸਰ ਵਿਖੇ ਸੰਨ 1602 ਵਿਚ ਬਣਵਾਏ ਸਰੋਵਰ, ਰਾਮਸਰ ਦੇ ਕਿਨਾਰੇ ‘ਗੁਰੂ ਗ੍ਰੰਥ ਸਾਹਿਬ’ ਦੀ ਸੰਪਾਦਨਾ ਦਾ ਕੰਮ ਅਰੰਭਿਆ ਗਿਆ। ਬੀੜ ਦੀ ਲਿਖਾਈ ਵਾਲੀ ਜਿ਼ਮੇਵਾਰੀ ਭਾਈ ਗੁਰਦਾਸ ਜੀ ਨੂੰ ਸੌਪੀ ਅਤੇ ਨਾਲ ਨਾਲ ਨਿਗਰਾਨੀ ਅਤੇ ਸੁਧਾਈ ਆਪ ਕੀਤੀ। ਡੇੜ੍ਹ ਸਾਲ ਦੀ ਅਣਥੱਕ ਮਿਹਨਤ ਤੋਂ ਬਾਦ ਸਿਤੰਬਰ ਸੰਨ 1604 ਨੂੰ ਆਪ ਜੀ ਨੇ ਆਦਿ ਬੀੜ ਨੂੰ ਮੁਕੱਮਲ ਕੀਤਾ। ਉਪਰੰਤ ਨਵੇਂ ਤਿਆਰ ਕੀਤੇ ‘ਦਰਬਾਰ ਸਾਹਿਬ’ ਵਿਖੇ ਇਸਦਾ ਪਹਿਲਾ ਪ੍ਰਕਾਸ਼ ਕਰਵਾਕੇ, ਪਹਿਲੇ ਪਾਠ ਦੀ ਸੇਵਾ ਦਾ ਮਾਣ ਬਾਬਾ ਬੁੱਢਾ ਜੀ ਨੂੰ ਬਖ਼ਸਿ਼ਆ। ਚੇਤੇ ਰਹੇ! ਬਾਣੀ ਦਾ ਪਾਠ ਕੇਵਲ ਸਹਿਜੇ ਸਹਿਜੇ ਹੀ ਕੀਤਾ ਜਾਂਦਾ ਸੀ, ਅਖੰਡ ਪਾਠ ਤਾਂ ਬਾਦ ਦੇ ਸਮੇਂ ਦੀ ਉਪਜ ਹੈ।
ਵਿਰੋਧੀਆ ਵਲੋਂ ਹੋਰ ਸਾਜ਼ਸ਼ਾਂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੀ ਸੰਪਾਦਨਾ, ਗੁਰੂ ਦਰਬਾਰ ਦੇ ਵਿਰੋਧੀਆਂ-ਜਨੂੰਨੀਆਂ ਅਤੇ ਭ੍ਰਿਸ਼ਟ ਬੁੱਧੀ ਲੋਕਾਂ ਦੀ ਲੱਕ ਤੋੜਵੀਂ ਹਾਰ ਸੀ। ਉਹ ਬੋਖ਼ਲਾ ਉਠੇ। ਸੰਪਾਦਨਾ ਵਿਚ ਰੁਕਾਵਟਾ ਪਾਉਣ ਦਾ ਕੋਈ ਵੀ ਸਮਾਂ ਉਨ੍ਹਾਂ ਨੇ ਕਦੇ ਹਥੋਂ ਨਹੀਂ ਸੀ ਜਾਣ ਦਿੱਤਾ। ਕਾਨ੍ਹੇ, ਛਜੂ, ਪੀਲੂ, ਸ਼ਾਹਹੁਸੈਨ ਆਦਿ ਅਖੋਤੀ ਭਗਤਾਂ ਨੂੰ ਉਕਸਾ ਕੇ ਸਰਕਾਰੀ ਸ਼ਹਿ ਤੇ ਭੇਜਿਆ ਗਿਆ। ਜ਼ੋਰ ਦਿਤਾ ਕਿ ਉਨ੍ਹਾਂ ਦੀਆਂ ਰਚਨਾਵਾਂ ਵੀ ਬਾਣੀ ਸੰਗ੍ਰਹ ਵਿਚ ਸ਼ਾਮਲ ਕੀਤੀਆਂ ਜਾਣ। ਪਾਤਸਾਹ ਨੇ ਪੂਰੀ ਦਲੇਰੀ ਨਾਲ, ਸੱਚ ਦੀ ਕਸਵਟੀ ਤੇ ਉਨ੍ਹਾਂ ਰਚਨਾਵਾਂ ਨੂੰ ਨਕਾਰ ਦਿੱਤਾ। ਸੰਗਤਾਂ ਨੂੰ ਭੰਮਲ ਭੂਸੇ ਵਿਚ ਪਾਉਣ ਵਾਸਤੇ ਪ੍ਰਿਥੀ ਚੰਦ ਦੇ ਪੁੱਤਰ ਮੇਹਰਬਾਨ ਤੋਂ ਨਾਨਕ ਪਦ ਦੀ ਵਰਤੋਂ ਕਰਵਾਕੇ ਬੇਅੰਤ ਕੱਚੀ ਬਾਣੀ ਦੀ ਰਚਨਾ ਵੀ ਕਰਵਾਈ ਗਈ। ‘ਆਦਿ ਗ੍ਰੰਥ’ ਦੀ ਸੰਪਾਦਨਾ ਬਾਰੇ ਉਲ ਜਲੂਲ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ ਜਿਸਤੋਂ ਭੁਲੇਖਾ ਪੈ ਸਕੇ ਕਿ ‘ਆਦਿ ਗ੍ਰੰਥ’ ਸੰਪੂਰਨ ਨਹੀਂ ਹਨ ਅਤੇ ਬਾਣੀ ਬਾਹਰ ਛੁੱਟ ਗਈ ਹੈ ਜਾਂ ਕੁਝ ਰਚਨਾਵਾਂ ਵਾਧੂ ਦਰਜ ਹੋ ਗਈਆਂ ਹਨ। ਦੁੱਖ ਤਾਂ ਇਸ ਗਲ ਦਾ ਹੈ ਕਿ ਅਜ ਵੀ ਅਨੇਕਾਂ ਕੱਚੇ ਪ੍ਰਚਾਰਕ ਉਨ੍ਹਾਂ ਹੀ ਕਹਾਣੀਆਂ ਨੂੰ ਗੁਰਦੁਆਰਾ ਸਟੇਜਾਂ ਤੋਂ ਸੁਣਾਈ ਜਾ ਰਹੇ ਹਨ।
ਬਾਲ (ਗੁਰੂ) ਹਰਿਗੋਬਿੰਦ ਜੀ ਨੂੰ ਮਰਵਾਉਣ ਦੇ ਜੱਤਨਾ ਵਿਚ ਕੀਤੀਆਂ ਸਾਜ਼ਸ਼ਾਂ ਕਾਰਣ ਪ੍ਰਿਥੀ ਚੰਦ ਨੂੰ ਭਰਵੀਂ ਬਦਨਾਮੀ ਮਿਲੀ ਸੀ। ਇਹ ਅਪਣੇ ਸਹੁਰੇ ਪਿੰਡ ਹੇਹਰੀ (ਲਾਹੌਰ) ਵਿਖੇ ਚਲਾ ਗਿਆ। ਸਰਕਾਰੀ ਅਸਰ ਰਸੂਖ ਕਾਰਣ ਕਾਫ਼ੀ ਜ਼ਮੀਨ ਅਤੇ ਮਦਦ ਪ੍ਰਾਪਤ ਕੀਤੀ। ਦਰਬਾਰ ਸਾਹਿਬ ਦੀ ਨਕਲ ਤੇ ਇਕ ‘ਦੂੁਖਨਿਵਾਰਨ’ ਨਾਂ ਦਾ ਸਰੋਵਰ ਵੀ ਬਣਵਾਇਆ, ਉਸਨੂੰ ਸੱਤਜੁਗੀ ਤੀਰਥ ਵੀ ਮਸ਼ਹੂਰ ਕੀਤਾ ਪਰ ਦੁਕਾਨ ਫ਼ੇਲ੍ਹ ਹੋਈ।