Punjve’n Patshah Guru Arjan Sahib Ji – Part – 33 – 19-7-26

ਸਰਬ ਕਲਾ ਸਮਰਥ- ਗੁਰਬਾਣੀ `ਚ ਲਫ਼ਜ਼ “ਸਰਬਾ ਕਲਾ ਭਰਪੂਰ” ਅਥਵਾ “ਸਰਬ ਕਲਾ ਸਮਰਥ” ਤੇ ਹੋਰ ਮਿਲਵੀਂ ਸ਼ਬਦਾਵਲੀ `ਚ ਵੀ ਅਨੇਕਾਂ ਵਾਰੀ ਲਫ਼ਜ਼ ‘ਕਲਾ’ ਆਇਆ ਹੈ ਪਰ ਉਹ ਕੇਵਲ ਅਕਾਲਪੁਰਖ ਲਈ ਹੀ ਆਇਆ ਹੈ, ਹੋਰ ਕਿਸੇ ਲਈ ਨਹੀਂ। ਇਸ ਵਿਸ਼ੇ `ਚ ਕੁੱਝ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਹਨ ਜਿਵੇਂ “ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ” (ਪੰ: ੬੧੩) ਅਤੇ “ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ” (ਪੰ: ੮੦੨) ਹੋਰ “ਸਰਬ ਕਲਾ ਭਰਪੂਰੁ ਦਿਸੈ ਜਤ ਕਤਾ॥ ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ” (ਪੰ: ੯੬੫) ਪੁਨਾ “ਕੀਮਤਿ ਪਾਈ ਪਾਵਣਹਾਰੈ॥ ਵੇਪਰਵਾਹ ਪੂਰੇ ਭੰਡਾਰੈ॥ ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ” (ਪੰ: ੧੦੩੬) ਇਸੇ ਤਰ੍ਹਾਂ “ਕਲਾ ਉਪਾਇ ਧਰੀ ਜਿਨਿ ਧਰਣਾ॥ ਗਗਨੁ ਰਹਾਇਆ ਹੁਕਮੇ ਚਰਣਾ॥ ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ” (ਪੰ: ੧੦੭੧) ਅਤੇ ਇਸ ਵਿਸ਼ੇ `ਤੇ ਅਨੇਕਾਂ ਗੁਰਬਾਣੀ ਪ੍ਰਮਾਣ ਪ੍ਰਾਪਤ ਹਨ।

ਇਤਨਾ ਹੀ ਨਹੀਂ ਬਲਕਿ ਜੇ ਪ੍ਰਭੂ ਆਪਣੀ ਇਸ ਕਲਾ ਅਥਵਾ ਸ਼ਕਤੀ ਨੂੰ ਆਪਣੀ ਰਚਨਾ ਵਿੱਚੋਂ ਖਿੱਚ ਲੈਂਦਾ ਹੈ ਤਾਂ ਰਚਨਾ ਦਾ ਵਜੂਦ ਖ਼ਤਮ ਹੁੰਦੇ ਵੀ ਸਮਾਂ ਨਹੀਂ ਲਗਦਾ ਜਿਵੇਂ “ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ॥ ਪਵਣੈ ਖੇਲੁ ਕੀਆ ਸਭ ਥਾਈ, ਕਲਾ ਖਿੰਚਿ ਢਾਹਾਇਦਾ” (ਪੰ: ੧੦੩੩)।

ਜੋਤ ਵੀ ਕਲਾ ਵੀ-ਗੁਰਬਾਣੀ `ਚ ਕਈ ਥਾਵੇਂ ‘ਜੋਤ’ ਤੇ ‘ਕਲਾ, ਦੋਵੇਂ ਲਫ਼ਜ਼ ਇੱਕ-ਇੱਕ ਸ਼ਬਦ `ਚ ਇਕੱਠੇ ਵੀ ਆਏ ਹਨ ਜਿਵੇਂ- “ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥ ਸਰਬ ਕਲਾ ਕਰਿ ਥਾਪਿਆ, ਅੰਤਰਿ ਜੋਤਿ ਅਪਾਰ” (ਪੰ: ੪੭) ਹੋਰ “ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ॥ ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ” (ਪੰ: ੪੬੯)

You may also like these