Punjve’n Patshah Guru Arjan Sahib Ji – Part – 38 – 25-7-26

“ਨਦਰੀ ਮੋਖੁ ਦੁਆਰੁ” – (ਬਾਣੀ ਜਪੁ) ਸੁਆਲ ਹੈ “ਨਦਰੀ ਮੋਖੁ ਦੁਆਰੁ” ਜਾਂ ‘ਵਡਭਾਗੀ’ ਵਾਲੀ ਗੱਲ ਬਣੇ ਕਿਵੇਂ? ਫ਼ੈਸਲਾ ਹੈ “ਗੁਰਮੁਖਿ ਵਡਭਾਗੀ ਵਡਭਾਗੇ, ਜਿਨ ਹਰਿ ਹਰਿ ਨਾਮੁ ਅਧਾਰੇ॥ ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ, ਗੁਰਮਤਿ ਭਗਤਿ ਭੰਡਾਰੇ” (ਪੰ: ੪੯੩) ਭਾਵ ਵਡਭਾਗੀ ਤਾਂ ਅਸਾਂ ਬਨਣਾ ਹੈ ਅਤੇ ਉਸਦਾ ਰਸ ਵੀ ਮਨਣਾ ਹੈ ਪਰ ਕਿਵੇਂ? ਗੁਰਦੇਵ ਇਸ ਨੂੰ, ਇਸ ਤਰ੍ਹਾਂ ਸਰਲ ਕਰ ਕੇ ਸਮਝਾ ਰਹੇ ਹਨ ਕਿ ਗੁਰੂ-ਗੁਰਬਾਣੀ ਦੀ ਆਗਿਆ-ਸਿਖਿਆ `ਤੇ ਚਲਣ ਵਾਲਾ ਮਨੁੱਖ ਹੀ ‘ਗੁਰਮੁਖ’ ਅਥਵਾ ਪ੍ਰਭੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ‘ਵਡਭਾਗੀ’ ਹੋ ਜਾਂਦਾ ਹੈ। ਕਿਉਂਕਿ ਅਜੇਹਾ ਜੀਊੜਾ ਹਰ ਸਮੇਂ ਹਰੀ ਰਸ ਵਾਲੇ, ਸਦਾ ਥਿਰ ਨਾਮ (ਸਿਫ਼ਤ ਸਲਾਹ) ਨਾਲ ਹੀ ਜੁੜਿਆ ਹੁੰਦਾ ਹੈ।

“ਦੁਰਮਤਿ ਭਾਗਹੀਨ ਮਤਿ ਫੀਕੇ” – (ਪੰ: ੪੯੩) ਗੁਰਦੇਵ ਦੀ ਬਖਸ਼ੀ ਇਸ ਮਿਸਾਲ ਤੋਂ ਇਹ ਤਾਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਅਨੁਸਾਰ ‘ਵਡਭਾਗੀ’ ਦੀ ਅਵਸਥਾ ਨੂੰ ਕੌਣ ਪ੍ਰਾਪਤ ਕਰਦੇ ਹਨ ਅਤੇ ‘ਅਭਾਗੇ’ ਕੌਣ ਹਨ? ਗੁਰਦੇਵ ਇਥੋਂ ਤੀਕ ਸਾਫ਼ ਕਰਦੇ ਹਨ, ਬਾਹਰੋਂ ਭਾਵੇਂ ਕੋਈ ਕਿੰਨਾ ਵੀ ‘ਗੁਰਮੁਖ’ ਬਣਦਾ ਹੋਵੇ, ਜਿੰਨੇ ਚਾਹੇ ਪਾਠ ਕਰੇ, ਸੰਗਤ `ਚ ਹਾਜ਼ਰੀਆਂ ਭਰੇ ਜਾਂ ਕੁੱਝ ਵੀ-ਜੇ ਕਰ ਸੁਭਾਅ ਕਰਕੇ “ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥ ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ” (ਪੰ: ੪੭੪) ਆਪਣੀ ਹਰੇਕ ਕਰਣੀ ਤੇ ਪ੍ਰਭੂ ਦੀ ਦੇਣ ਲਈ ਇਹੀ ਹਿਸਾਬ ਲਾਉਂਦਾ ਹੈ ‘ਕਿ ਪ੍ਰਭੂ ਨੇ ਕੀ ਠੀਕ ਕੀਤਾ ਹੈ ਤੇ ਕੀ ਗ਼ਲਤ’ ਜਾਂ ‘ਪ੍ਰਭੂ ਨੂੰ ਇਹ ਨਹੀਂ ਸੀ ਕਰਣਾ ਚਾਹੀਦਾ, ਉਹ ਨਹੀਂ ਸੀ ਕਰਣਾ ਚਾਹੀਦਾ’ ਆਦਿ। ਗੁਰਦੇਵ ਫ਼ੁਰਮਾਉਂਦੇ ਹਨ, ਅਜਿਹਾ ਮਨੁੱਖ ਵੀ ਆਪਣਾ ਜਨਮ ਗੁਆ ਕੇ ‘ਅਭਾਗਾ’ ਹੀ ਜਾਂਦਾ ਹੈ।

ਫ਼ੁਰਮਾਨ ਹੈ “ਤਿਨ ਕੇ ਭਾਗ ਖੀਨ ਧੁਰਿ ਪਾਏ, ਜਿਨ ਸਤਿਗੁਰ ਦਰਸੁ ਨ ਪਾਇਬਾ” (ਪੰ: ੬੯੭) ਭਾਵ ਜ਼ਾਹਿਰਾ ਧਰਮੀ ਹੁੰਦੇ ਹੋਏ ਵੀ ਬਹੁਤੇ, ਜੀਵਨਭਰ ਗੁਰੂ-ਅਕਾਲਪੁਰਖ ਨੂੰ ਨਹੀਂ ਪਾ ਸਕਦੇ। ਅਜਿਹੇ ਜੀਵਨ ਲਈ ਹੀ ਗੁਰਦੇਵ ਨੇ ਗੁਰਬਾਣੀ `ਚ ‘ਅਭਾਗਾ’, ਭਾਗ ਖੀਨ’ ‘ਦੁਰਮਤਿ ਭਾਗਹੀਨ ਮਤਿ ਫੀਕੇ’ ‘ਕਰਮਹੀਣ’ ਆਦਿ ਸ਼ਬਦਾਵਲੀ ਵਰਤੀ ਹੈ। ਫ਼ੁਰਮਾਨ ਹੈ, “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: ੪੭੪) ਮੱਥੇ ਟੇਕਦਾ ਹੈ ਅਤੇ ਆਪਣੇ ਆਪ ਨੂੰ ਪ੍ਰਭੂ ਤੋਂ ਵੱਧ ਸਿਆਣਾ ਵੀ ਮੰਣਦਾ ਹੈ, ਅਜਿਹਾ ਮਨੁੱਖ ਮਾਨੋਂ ਮੂਲੋਂ ਹੀ ਉਖੜਿਆ ਹੈ। ਕਿਉਂਕਿ ਪ੍ਰਭੂ ਦਰ `ਤੇ ਤਾਂ ਵਡੀ ਵਡਿਆਈ ਜਾ ਸਚੁ ਨਿਆਉ …… ਵਡੀ ਵਡਿਆਈ ਬੁਝੈ ਸਭਿ ਭਾਉ” (ਪੰ: ੪੬੩) ਅਥਵਾ “ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ॥ ਬੀਜੇ ਬਿਖੁ ਮੰਗੈ ਅੰਮ੍ਰਿਤੁ, ਵੇਖਹੁ ਏਹੁ ਨਿਆਉ” (ਪੰ: ੪੭੪) ਭਾਵ ਦੁਚਿਤੀ ਜਾਂ ਅੰਦਰੋ ਹੋਰ, ਬਾਹਰੋਂ ਹੋਰ, ਦੋਹਰੀ ਰਹਿਣੀ ਵਾਲਾ ਮਨੁੱਖ ਜੀਵਨ ਭਰ ‘ਅਭਾਗਾ’ ਹੀ ਰਹਿ ਜਾਂਦਾ ਹੈ।

ਕਿਉਂਕਿ ਗੁਰਸਿੱਖ ਦਾ ਜੀਵਨ ਤਾਂ ਹੈ ਹੀ “ਉਲਾਹਨੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀਓ” (ਪੰ: ੯੭੮) ਭਾਵ ਗੁਰਬਾਣੀ ਅਨੁਸਾਰ ‘ਵਡਭਾਗੀ’ ਅਥਵਾ ‘ਕਰਮਿ ਬਖਸ਼ਿਸ਼’ ਜਾਂ ‘ਨਦਰਿ ਕਰਮ’ ਵਾਲੀ ਅਵਸਥਾ ਪ੍ਰਾਪਤ ਕਰਣ ਲਈ ‘ਗੁਰਮੁਖ’ ਵਾਲੀ ਪਉੜੀ ਚੜ੍ਹਣੀ ਹੁੰਦੀ ਹੈ। ਉਸ ਪਉੜੀ ਤੇ ਪੁੱਜ ਕੇ ਮਨੁੱਖ ਦੇ ਜੀਵਨ `ਚ ਪ੍ਰਭੂ ਦੀ ਕਰਣੀ ਲਈ ਉਲਾਹਣੇ, ਕਿਉਂ-ਕਿੰਤੂ ਮੁੱਕ ਜਾਂਦਾ ਹੈ। ਮਨੁੱਖ ਦੇ ਜੀਵਨ ਅੰਦਰੋਂ ਆਸਾ-ਮਨਸਾ-ਅੰਦੇਸੇ, ਮੰਗਾਂ-ਤ੍ਰਿਸ਼ਨਾ-ਨਿਰਾਸ਼ਾ-ਚਿੰਤਾ ਮੁੱਕ ਜਾਂਦੇ ਹਨ। ਜੀਵਨ ਟਿਕਾਅ `ਚ ਆ ਜਾਂਦਾ ਹੈ। ਇਸੇ ਮਕਸਦ ਦੀ ਪ੍ਰਾਪਤੀ ਲਈ ਤਾਂ ਮਨੁੱਖਾ ਜਨਮ ਮਿਲਿਆ ਹੁੰਦਾ ਹੈ।

You may also like these