“ਗੁਰਮੁਖਿ ਲਾਧਾ, ਮਨਮੁਖਿ ਗਵਾਇਆ” (ਪ: 11) – ਸੰਸਾਰ ਭਰ ਦੇ ਇਤਿਹਾਸ `ਚ ਦੇਖਿਆ ਜਾਵੇ ਤਾਂ ਇਹ ਸਚਾਈ ਕੇਵਲ ਪਹਿਲੀ ਵਾਰੀ ਉਭਰ ਕੇ ਸਾਹਮਣੇ ਆਈ ਕਿ ਸੰਸਾਰ ਭਰ ਦੇ ਹਜ਼ਾਰਾਂ-ਲੱਖਾਂ ਧਰਮ ਕੇਵਲ ਵਿਚਾਰਧਾਰਾਵਾਂ ਦੇ ਅੰਤਰ ਹਨ। ਇਹ ਵੀ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੇ ਹੀ ਸੰਸਾਰ ਸਾਹਮਣੇ ਪ੍ਰਗਟ ਕੀਤਾ ਕਿ ਪ੍ਰਭੂ ਨੇ ਸਾਰੇ ਮਨੁੱਖ ਮਾਤ੍ਰ ਨੂੰ ਕੇਵਲ ਇਕੋ ਹੀ ਇਲਾਹੀ ਧਰਮ ਬਖਸ਼ਿਆ ਹੈ, ਭਿੰਨ ਭਿੰਨ ਨਹੀਂ। ਇਹ ਵੱਖਰੀ ਗਲ ਹੈ ਮਨੁੱਖ ਨੇ ਆਪਣੀ ਠੀਕ-ਗ਼ਲਤ ਰਹਿਣੀ ਦੇ ਆਧਾਰ `ਤੇ ਇਸ ਇੱਕੋ ਇਲਾਹੀ ਧਰਮ ਦੇ ਵੀ ਦੋ ਰੂਪ ਪ੍ਰਗਟ ਕਰ ਲਏ ਹਨ, ਇੱਕ ‘ਗੁਰਮੁਖਿ’, ਦੂਜਾ ‘ਮਨਮੁਖ’। ਇਸ ਤੋਂ ਵੱਡੀ ਗਲ, ਚੂੰਕਿ ਮਨੁੱਖ ਦੇ ਜੀਵਨ ਦੇ ਇਹ ਦੋਵੇਂ ਰਾਹ ਕਰਤੇ ਵਲੋਂ ਨਹੀਂ ਹਨ ਇਸ ਲਈ ਕਿਸੇ ਜੀਵਨ ਰਹਿਣੀ ਬਦਲਣ ਦੇ ਨਾਲ ਹੀ ਮਨੁੱਖ ਦੇ ਜੀਵਨ ਦਾ ਰਾਹ ਵੀ ਆਪਣੇ ਆਪ ਹੀ ਬਦਲ ਜਾਂਦਾ ਹੈ। ਤਾਂ ਫ਼ਿਰ ਇਹ ਦੋਵੇਂ ਜੀਵਨ ਰਾਹ ਕੀ ਹਨ? ਇੱਕ ਹੈ ਗੁਰੂ ਦੀ ਆਗਿਆ ਸੇਧ `ਚ ਜੀਵਨ ਨੂੰ ‘ਗੁਰਮੁਖੀ ਜੀਵਨ ਬਨਾਉਣਾ’ ਜਿਸ ਰਾਹੀ ਜੀਵਨ `ਚ ਕੇਵਲ ਰੱਬੀ ਗੁਣ ਹੀ ਪੈਦਾ ਹੁੰਦੇ ਤੇ ਵਧਦੇ ਹਨ।
ਦੂਜਾ ਜੀਵਨ ਰਾਹ ਹੈ ਗੁਰੂ ਵਲੋਂ ਬੇਮੁਖ ਰਹਿ ਕੇ ਜੀਵਨ ਅੰਦਰ ਆਸ਼ਾਵਾਂ-ਮੰਗਾਂ-ਤ੍ਰਿਸ਼ਨਾ ਦਾ ਨਿੱਤ ਵਾਧਾ ਹੁੰਦੇ ਜਾਣਾ; ਲੋਭ-ਮੋਹ-ਹਉਮੈ ਆਦਿ ਵਿਕਾਰਾਂ ਦਾ ਜ਼ੋਰ ਪੈਣਾ; ਮਨਮੱਤ ਦਾ ਨਤੀਜਾ, ਮਨੁੱਖ ਅੰਦਰ ਅਨਮੱਤ, ਹੂੜਮੱਤ, ਦੁਰਮੱਤ ਆਦਿ ਦਾ ਪ੍ਰਵੇਸ਼ ਕਰਦੇ ਜਾਣਾ; ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਸੰਸਾਰਕ-ਸਮਾਜਿਕ ਅਉਗਣਾਂ ਦਾ ਜੀਵਨ ਅੰਦਰ ਵਾਧਾ, ਅੰਤ ਇਨ੍ਹਾਂ ਹੀ ਮਨਮੱਤਾਂ ਦੇ ਬੇ-ਲਗ਼ਾਮ ਹੋਣ ਕਾਰਣ, ਇੱਕ ਦਿਨ ਇਸ ਸੁੰਦਰ ਸੋਹਣੇ ਪਰ-ਉਪਕਾਰੀ, ਸੰਤੋਖੀ ਬਨ ਸਕਣ ਵਾਲੇ ਸਰੀਰ ਦਾ ਹੀ ਜੁਰਮਾਂ, ਝੂਠ, ਫ਼ਰੇਬ, ਠੱਗੀਆਂ, ਵਿਭਚਾਰਾਂ ਦੀ ਖਾਣ ਬਣ ਕੇ ਮਿੱਟੀ ਦਾ ਢੇਰ ਹੋ ਜਾਣਾ ਤੇ ਮੁੜ ਜਨਮਾਂ ਦੇ ਗੇੜ `ਚ ਪੈ ਜਾਣਾ। ਇਹੀ ਕਾਰਣ ਹੈ ਕਿ ਗੁਰਮੁਖਿ ਜ਼ਿੰਦਗੀ ਰਹਿੰਦੇ, ਰੱਬੀ ਗੁਣਾਂ ਦੀ ਖਾਣ ਬਣ ਕੇ ਰੰਹਿਦਾ ਹੈ ਜਦਕਿ ਮਨਮੁੱਖ ਆਪਣੇ ਮਨੁੱਖਾ ਜਨਮ ਨੂੰ ਅਸਫ਼ਲ ਕਰਕੇ ਸੰਸਾਰ ਤੋਂ ਚਲਾ ਜਾਂਦਾ ਹੈ। ਗੁਰਬਾਣੀ ਦਾ ਫ਼ੈਸਲਾ ਹੈ “ਗੁਰਮੁਖਿ ਲਾਧਾ, ਮਨਮੁਖਿ ਗਵਾਇਆ” (ਪੰ: 11) ਗੁਰਬਾਣੀ ਦੀ ਇਸ ਮੂਲ ਸਚਾਈ ਨੂੰ ਸਮਝਣ ਤੋਂ ਬਾਅਦ ਗੁਰਬਾਣੀ ਦੇ ਜਿਸ ਅੰਗ ਤੋਂ ਵੀ ਦਰਸ਼ਨ ਕਰੋ, ਸੰਪੂਰਣ ਗੁਰਬਾਣੀ ਰਾਹੀਂ ਮਨੁੱਖਾ ਜੀਵਨ ਕੇਵਲ ਦੋ ਹੀ ਹਿਸਿਆਂ `ਚ ਵੰਡਿਆ ਮਿਲੇਗਾ “ਗੁਰਮੁਖਿ ਜਨਮੁ ਸਫਲੁ ਹੈ, ਜਿਸ ਨੋ ਆਪੇ ਲਏ ਮਿਲਾਇ” (ਪ: 850) ਦੂਜੇ ਪਾਸੇ “ਮਨਮੁਖ ਕਰਮ ਕਮਾਵਣੇ, ਦਰਗਹ ਮਿਲੈ ਸਜਾਇ” (ਪੰ: 33) ਨਾਲ ਨਾਲ ਸੇਧ ਮਿਲਦੀ ਜਾਵੇਗੀ “ਐ ਭਾਈ! ਤੂੰ ਆਪਣੀਆਂ ਸਾਰੀਆਂ ਸਿਆਣਪਾਂ ਨੂੰ ਛੱਡ ਕੇ, ਸਾਧਸੰਗਤ `ਚ ਆ ਅਤੇ ਗੁਰੂ ਤੋਂ ਮੱਤ ਲੈ ਕੇ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਬਣਾ ਲੈ। ਤਾ ਕਿ ਤੈਨੂੰ ਫ਼ਿਰ ਤੋਂ ਜਨਮ ਨਾ ਭੋਗਣੇ ਪੈਣ”। ਖੂਬੀ ਇਹ ਕਿ ਇਥੇ ‘ਗੁਰੂ’ ਦੇ ਅਰਥ ਉਹ ਨਹੀਂ, ਜੋ ਸੰਸਾਰ ਲੈ ਰਿਹਾ ਹੈ, ਇਸੇ ਤਰ੍ਹਾਂ ਸਾਧਸੰਗਤ ਜਾਂ ਗੁਣਾਂ-ਅਵਗੁਣਾਂ ਦੇ ਅਰਥ ਵੀ ਉਹ ਨਹੀਂ ਜੋ ਦੁਨੀਆਂ ਆਪਣੇ ਢੰਗ ਲੈਂਦੀ ਹੈ। ਇਥੇ ਇਸ ਸ਼ਬਦਾਵਲੀ ਦੇ ਅਰਥ ਸਮਝਣ ਲਈ ਵੀ ਸਾਨੂੰ ਗੁਰਬਾਣੀ ਦੇ ਦਰ `ਤੇ ਹੀ ਆਉਣਾ ਪਵੇਗਾ ਤਾਂ ਹੀ ਸਮਝ ਆ ਸਕੇਗੀ।