“ਸਾਹਿਬੁ ਮੇਰਾ ਏਕੋ ਹੈ” – ਕਹਿਣ ਮਾਤ੍ਰ ਹੀ ਨਹੀਂ ਬਲਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਸੰਪੂਰਣ ਗੁਰਬਾਣੀ ਦੀ ਰਚਨਾ ੴ ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ’ ਤੀਕ ਜਿਥੋਂ ਵੀ ਦਰਸ਼ਨ ਕਰੋ, ਜਗਿਆਸੂ ਨੂੰ ਕੇਵਲ ਇੱਕ ਕਰਤਾਰ ਨਾਲ ਹੀ ਜੋੜੇ ਗੀ ਅਤੇ ਇਧਰ ਓਧਰ ਭਟਕਣ ਤੋਂ ਬਚਾਏਗੀ। ਇਥੇ ਇੱਕ ਕਰਤੇ ਬਾਰੇ ਇੰਨਾ ਵਿਰਾਟ ਤੇ ਸਰਬਪੱਖੀ ਵਰਨਣ ਮਿਲੇਗਾ ਕਿ ਭੁਲੇਖਾ ਰਹਿ ਹੀ ਨਹੀਂ ਜਾਂਦਾ। ਸ਼ੱਕ ਨਹੀਂ, ਇੱਕ ਪ੍ਰਮਾਤਮਾ, ਅਲਾਹ ਤਾਲਾ ਜਾਂ ਇੱਕ ਬ੍ਰਹਮ ਦੀ ਗਲ ਆਦਿ ਕਾਲ ਤੋਂ ਮਿਲਦੀ ਹੈ ਪਰ ਇੰਨੀ ਸਪਸ਼ਟ ਤੇ ਸਰਬਪੱਖੀ ਨਹੀਂ, ਜਿੰਨੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੇ ਪ੍ਰਗਟ ਕੀਤੀ, ਸਮਝਾਈ ਤੇ ਦ੍ਰਿੜ ਕਰਵਾਈ ਹੈ। ਇੱਕ ਅਕਾਲਪੁਰਖ ਬਾਰੇ ਸਪਸ਼ਟਤਾ ਨਾ ਹੋਣ ਦਾ ਹੀ ਨਤੀਜਾ ਹੈ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਪਹਿਲਾਂ ਰੱਬ-ਅਲਾਹ-ਗਾਡ ਵਲ ਵਧਣ ਵਾਲਾ ਮਨੁੱਖ ਵੀ, ਪ੍ਰਮਾਤਮਾ ਨੂੰ ਆਪਣੇ-ਆਪਣੇ ਵਿਸ਼ਵਾਸਾਂ ਦੀ ਸੀਮਾਂ `ਚ ਹੀ ਬੰਦ ਕਰਕੇ ਰੁਕਿਆ ਪਿਆ ਸੀ। ਇਸੇ ਦਾ ਨਤੀਜਾ, ਮਨੁੱਖ ਸਾਰੇ ਸੰਸਾਰ ਦੇ ਸੱਚੇ ਇਕੋ-ਇਕ ਪਿਤਾ ਪ੍ਰਮੇਸ਼ਵਰ ਦੀ ਪਛਾਣ ਹੀ ਨਾ ਕਰ ਸਕਿਆ, ਪ੍ਰਭੂ ਵਲੋਂ ਬਖਸ਼ੇ ਮਨੁੱਖੀ ਭਾਈਚਾਰੇ ਨੂੰ ਸਮਝ ਨਾ ਸਕਿਆ। ਮਨੁੱਖ-ਮਨੁੱਖ ਵਿਚਾਲੇ ਦੀਵਾਰਾਂ ਫ਼ਿਰ ਵੀ ਬਣੀਆ ਰਹੀਆਂ। ਇਹ ਮਾਣ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਹੀ ਜਾਂਦਾ ਹੈ ਜਿਨ੍ਹਾਂ ਨੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” (ਪ: 611) ਵਾਲਾ ਸਿਧਾਂਤ ਸੰਸਾਰ ਸਾਹਮਣੇ ਕੇਵਲ ਪ੍ਰਗਟ ਹੀ ਨਹੀਂ ਕੀਤਾ ਬਲਕਿ ਗੁਰਦੇਵ ਨੇ ਆਪਣੇ ਦਸਾਂ ਜਾਮਿਆਂ `ਚ ਹੰਢਾ ਕੇ ਵੀ ਦਿਖਾਇਆ ਅਤੇ ਫ਼ੁਰਮਾਇਆ “ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ” (ਪੰ: 398) ਹੋਰ “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ” (ਪੰ: 350) ਇਤਿਆਦ, ਗੁਰਬਾਣੀ `ਚ ਹੀ ਹਜ਼ਾਰਾਂ ਵਾਰੀ।