Sri Guru Granth Sahib Ji Di Sarab Uchtta- Part-6 – 14-9-26

“ਰਾਜੁ ਜੋਗੁ ਜਿਨਿ ਮਾਣਿਓ” – (ਪੰ: 1389) ਇਹ ਮਾਣ ਵੀ ਇਕੱਲੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਹੀ ਪ੍ਰਾਪਤ ਹੈ, ਜਿਨ੍ਹਾਂ ਨੇ ਮਨੁੱਖ ਨੂੰ ਸਭ ਤੋਂ ਪਹਿਲੀ ਵਾਰੀ ਸਹੀ ਅਰਥਾਂ `ਚ ਆਤਮਕ ਅਤੇ ਸੰਸਾਰਕ ਪੱਖੋਂ ਜੀਵਨ ਨੂੰ ਅਨੁਪਾਤਕ (Balanced) ਕਰਕੇ ਜੀਉਣ ਦਾ ਢੰਗ ਸਿਖਾਇਆ। ਸਾਬਤ ਕੀਤਾ ਕਿ ਜ਼ਿੰਦਗੀ ਲਈ, ਦੁਨੀਆਦਾਰੀ ਤੇ ਆਤਮਕ ਜੀਵਨ, ਦੋ ਵੱਖ ਵੱਖ ਵਿਸ਼ੇ ਨਹੀਂ ਹਨ ਬਲਕਿ ਇਕੋ ਤੱਕੜੀ ਦੇ ਦੋ ਪੱਲੇ ਹਨ, ਜਿਨ੍ਹਾਂ ਨੂੰ ਸਾਂਵਾਂ ਰਖਣਾ ਜ਼ਰੂਰੀ ਹੈ। ਸਚਾਈ ਹੈ ਕਿ ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਮਨੁੱਖ ਇਹੀ ਮੰਨਦਾ ਆ ਰਿਹਾ ਸੀ ਕਿ ਦੁਨੀਆਦਾਰ ਹੋਰ ਹੈ ਅਤੇ ਧਰਮੀ ਹੋਣਾ ਦੂਜੀ ਗੱਲ। ਇਸੇ ਦਾ ਨਤੀਜਾ ਸੀ ਕਿ ਆਪਣੇ ਆਪ ਨੂੰ ਦੁਨੀਆਦਾਰ ਜਾਂ ਗ੍ਰਿਹਸਥੀ ਤਾਂ ਭੇਖੀ ਧਰਮੀਆਂ ਹਥੋਂ ਸਦਾ ਤੋਂ ਲੁਟੀਂਦੇ ਆਏ, ਨਾਲ ਹੀ ਇਹ ਵੀ ਤਸੱਲੀ ਕਰ ਲੈਂਦੇ ਕਿ “ਅਸੀਂ ਹੋਏ ਜੁ ਦੁਨੀਆ ਦਾਰ”। ਦੂਜੇ ਪਾਸੇ ਜੇ ਕੋਈ ਧਰਮ ਪਾਸੇ ਚਲਣਾ ਚਾਹੁੰਦਾ ਤਾਂ ਚੰਗੇ-ਭਲੇ ਆਪਣੇ ਗ੍ਰਿਹਸਥ ਤੀਕ ਨੂੰ ਉਜਾੜ ਲੈਂਦਾ ਪਰ ‘ਵਿਹਲਾ ਦਿਮਾਗ਼, ਸ਼ੈਤਾਨ ਦਾ ਘਰ’ ਅਨੁਸਾਰ ਗੁਣਾਹਾਂ ਤੋਂ ਨਾ ਉਹ ਨਾ ਬੱਚ ਪਾਂਦਾ, ਅਖੌਤੀ ਦੁਨੀਆਦਾਰ ਜਿਸ `ਤੇ ਕਿ ਕੋਈ ਅੰਕੁਸ਼ ਰਿਹਾ ਹੀ ਨਹੀਂ ਸੀ। ਇਸੇ ਗ਼ਲਤ ਧਾਰਣਾ ਕਾਰਨ ਸਮਾਜ ਸਦਾ ਤੋਂ ਦੋ ਹਿਸਿਆਂ `ਚ ਵੰਡਿਆ ਚਲਾ ਆ ਰਿਹਾ ਸੀ, ਨਾਲ ਦੋਵੇਂ ਪਾਸੇ ਗੁਣਾਹਾਂ ਨੂੰ ਖੁਲੀ ਛੁੱਟੀ ਮਿਲੀ ਹੋਈ ਸੀ।

You may also like these