Sri Guru Granth Sahib Ji Di Sarab Uchtta- Part-5 – 13-9-26

“ਪਰਮੇਸਰ ਤੇ ਭੁਲਿਆਂ” –ਗੁਰਬਾਣੀ ਦਾ ਫ਼ੈਸਲਾ ਹੈ “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ” (ਪ: 135) ਇੱਕ ਅਕਾਲਪੁਰਖ ਦੀ ਸਮਝ ਨਾ ਆਉਣ ਕਰਕੇ ਮਨੁੱਖ ਹਜ਼ਾਰਾਂ ਹੀ ਮਾਨਵੀ-ਮਾਨਸਿਕ ਰੋਗਾਂ ਦਾ ਸ਼ਿਕਾਰ ਹੁੰਦਾ ਗਿਆ। ਮਿਸਾਲ ਵਜੋਂ (1) ਮਨੁੱਖਾ ਜਨਮ ਲੈ ਕੇ ਵੀ ਮਨੁੱਖ-ਮਨੁੱਖ `ਚ ਵੰਡੀਆਂ ਸਦਾ ਤੋਂ ਉਭਰਦੀਆਂ ਰਹੀਆ ਤੇ ਅੱਜ ਤੀਕ ਉਭਰ ਰਹੀਆਂ ਹਨ। ਮਨੁੱਖ ਆਪਸੀ ਖੂਨ-ਖਰਾਬੇ, ਕਤਲੋ ਗ਼ਾਰਤ, ‘ਤੋਂ ਨਾ ਬਚ ਸਕਿਆ। (2) ਪ੍ਰਭੂ ਬਾਰੇ ਅਗਿਆਨਤਾ ਦਾ ਹੀ ਸਿੱਟਾ ਸੀ ਕਿ ਇੱਕ ਕਰਤੇ ਦਾ ਪਤਾ ਨਾ ਹੋਣ ਕਾਰਨ, ਮਨੁੱਖ ਲੱਖਾਂ-ਕਰੋੜਾਂ ਦੇਵੀ ਦੇਵਤਿਆਂ, ਆਪ ਮਿੱਥੇ ਭਗਵਾਨਾਂ-ਪੀਰਾਂ-ਮੜ੍ਹੀਆਂ, ਅਖੌਤੀ ਸੰਤਾਂ-ਸਾਧਾਂ-ਭੇਖੀਆਂ ਇਥੋਂ ਤੀਕ ਕਿ ਨਦੀਆਂ, ਪੌਦਿਆਂ, ਪਸ਼ੂਆਂ, ਸਪਾਂ, ਹਵਾ, ਪਾਣੀ, ਅੱਗ, ਅੰਨ ਤੀਕ ਨੂੰ ਦੇਵਤੇ ਮੰਨ, ਇਨ੍ਹਾਂ ਦੀ ਪੂਜਾ `ਚ ਭਟਕਿਆ ਕੁਰਾਹੇ ਪਿਆ ਜੀਵਨ ਬਰਬਾਦ ਕਰਕੇ ਚਲਾ ਜਾਂਦਾ ਹੈ। ਇਸੇ ਦਾ ਨਤੀਜਾ, ਹੁੰਦਾ ਹੈ ਸ਼ਾਤਰ ਲੋਕਾਂ ਰਾਹੀਂ ਵਿਛਾਇਆ ਜਾਂਦਾ ਮਾਇਆ ਜਾਲ। (3) ਇੱਕ ਪ੍ਰਭੂ ਬਾਰੇ ਅਗਿਆਣਤਾ ਕਾਰਣ, ਅੰਨ ਪੂਜਾਵਾਂ-ਵਿਸ਼ਵਾਸਾਂ ਦਾ ਅਗਲਾ ਘਿਨਾਉਣਾ ਪੱਖ ਹੈ ਮੰਗਾਂ-ਕਾਮਨਾਵਾਂ, ਵਰ-ਸਰਾਪ, ਸਗਨ-ਅਪਸਗਨ-ਰੀਤਾਂ, ਟੇਵੇ-ਮਹੂਰਤ-ਰਾਸ਼ੀਫਲ-ਜਨਮਪਤ੍ਰੀਆਂ, ਜਿੰਨ-ਭੂਤ, ਪ੍ਰੇਤ ਆਤਮਾਵਾਂ, ਪ੍ਰਛਾਵੇਂ, ਸੁਰਗ-ਨਰਕ, ਧਰਮਰਾਜ-ਜਮਰਾਜ ਆਦਿ ਦੇ ਅਣਗਿਣਤ ਭਰਮ-ਭੁਲੇਖੇ ਅਤੇ ਉਨ੍ਹਾਂ `ਚ ਫ਼ਸਿਆ ਮਨੁੱਖ ਦਾ ਅਮੁਲਾ ਜਨਮ। (4) ਮੂਲ ਰੂਪ `ਚ ਪ੍ਰਭੂ ਨਾਲ ਜੁੜ ਕੇ ਨਿਰਭੈ-ਮਜ਼ਬੂਤ ਹੋਣ ਵਾਲਾ ਮਨੁੱਖੀ ਮਨ; ਪ੍ਰਭੂ ਨੂੰ ਭੁਲੇ ਰਹਿਣ ਕਰਕੇ ਅਜੇਹੇ ਵਿਸ਼ਵਾਸਾਂ ਦੇ ਖੋਖਲੇਪਣ ਦਹੀ ਸਿੱਟਾ, ਉਲਟਾ ਕਮਜ਼ੋਰ ਅਤੇ ਹਰ ਸਮੇਂ ਵਹਿਮਾ-ਸਹਿਮਾ `ਚ ਹੀ ਦਬਿਆ ਰਹਿੰਦਾ ਹੈ। ਇਹ ਪਰਉਪਕਾਰੀ ਤਾਂ ਬਣ ਨਹੀਂ ਸਕਦਾ ਉਲਟਾ ਸੁਆਰਥੀ ਬਣ ਕੇ ਰਹਿ ਜਾਂਦਾ ਹੈ। (5) ਜੀਵਨ ਅੰਦਰ ਇੱਕ ਪ੍ਰਭੂ ਪਿਤਾ ਦਾ ਨਿਰਮਲ ਭਉ ਨਾ ਉਪਜਣ ਸਦਕਾ, ਮਨੁੱਖ ਅੰਦਰ ਇਕ-ਇਕ ਕਰਕੇ ਅਨੇਕਾਂ ਗੁਣਾਹਾਂ-ਬੁਰਾਈਆਂ ਆਪਣੀ ਜਗ੍ਹਾ ਬਣਾਂਦੀਆਂ ਜਾਂਦੀਆਂ ਹਨ। ਜਿਸ ਮਨੁੱਖ ਨੇ ਦੈਵੀ ਗੁਣਾਂ ਦਾ ਮਾਲਿਕ ਬਨਣਾ ਹੁੰਦਾ ਹੈ ਉਹੀ ਇੱਕ ਦਿਨ ਬਣ ਜਾਂਦਾ ਹੈ ਸ਼ੈਤਾਨ-ਹੈਵਾਨ। (6) ਨਾਸਤਿਕਤਾ, ਅਸਮਾਨ ਤੋਂ ਨਹੀਂ ਡਿੱਗਦੀ ਬਲਕਿ “ਪਰਮੇਸਰ ਤੇ ਭੁਲਿਆਂ” ਹੋਣ ਕਰਕੇ ਹੀ, ਨਕਲੀ ਤੇ ਬਨਾਵਟੀ ਧਰਮਾਂ ਦੇ ਖੋਖਲੇਪਣ ਅਤੇ ਆਪ ਘੜੇ ਧਰਮਾਂ ਇਸ਼ਟਾਂ-ਭਗਵਾਨਾਂ ਤੇ ਕਰਮਕਾਂਡਾ ਤੋਂ ਬਗ਼ਾਵਤ ਦਾ ਹੀ ਦੂਜਾ ਨਾਮ ਹੁੰਦਾ ਹੈ ਨਾਸਤਿਕਤਾ ਜਾਂ ਕਮਿਊਨਿਜ਼ਮ।

ਇਹ ਕੇਵਲ ਇਸ਼ਾਰੇ ਹਨ, ਸਾਰਿਆਂ ਦਾ ਕੇਵਲ ਇਕੋ ਹੀ ਹਲ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬਉਚਤਾ ਨੂੰ ਪਛਾਨਣਾ, ਸਮਝਣਾ, ਮਾਨਣਾ, ਇਸ ਤੋਂ ਇਲਾਵਾ ਹੋਰ ਦੂਜਾ ਕੋਈ ਹੱਲ ਹੈ ਹੀ ਨਹੀਂ। ਮਨੁੱਖਾ ਜੀਵਨ ਅੰਦਰ ਇੱਕ ਪਰਮ ਪਿਤਾ ਬਾਰੇ ਅਗਿਆਣਤਾ ਕਾਰਨ ਅਰੁੱਕ ਵੱਧ ਰਹੀਆਂ ਸੰਸਾਰਕ ਭੁਖਾਂ ਦਾ ਹੀ ਨਤੀਜਾ ਹੁੰਦੀ ਹੈ ਸਾਡੇ ਜੀਵਨ `ਚ ਭਟਕਣਾ, ਨਿਰਾਸ਼ਾ, ਬੇ-ਵਿਸ਼ਵਾਸੀ, ਸੁਭਾਅ `ਚ ਬੇਅੰਤ ਖ਼ਰਾਬੀਆਂ, ਚਿੰਤਾਵਾਂ, ਮਾਨਸਿਕ ਤਨਾਵ, ਡਰੱਗ-ਨਸ਼ੇ। ਇਸੇ ਤੋਂ ਪੈਦਾ ਹੁੰਦੇ ਹਨ ਲਗਭਗ 99% ਸਰੀਰਕ ਤੇ ਮਾਨਸਿਕ ਰੋਗ, ਮੁਕਦਮੇਬਾਜ਼ੀਆਂ, ਐਕਸੀਡੈਂਟ, ਆਪਸੀ ਲੜਾਈਆਂ-ਝਗੜੇ-ਫ਼ਸਾਦ, ਭੁਖ-ਮਰੀਆਂ, ਆਤਮ ਹਤਿਆਵਾਂ ਆਦਿ।

You may also like these