ਇਕ ਤਾਂ ਉਹ ‘ਅੰਕ’ ਹਨ ਜੋ ਸ਼ਬਦਾਂ `ਚ ‘ਬੰਦਾਂ’ ਦੀ ਗਿਣਤੀ ਦੱਸਣ ਲਈ ਹਨ; ਜਿਵੇਂ “ਆਸਾ ਮਹਲਾ ੫॥ ਜਾ ਤੂੰ ਸਾਹਿਬੁ ਤਾ ਭਉ ਕੇਹਾ, ਹਉ ਤੁਧੁ ਬਿਨੁ ਕਿਸੁ ਸਾਲਾਹੀ॥ ਏਕ ਤੂੰ ਤਾ ਸਭ ਕਿਛੁ ਹੈ, ਮੈ ਤੁਧੁ ਬਿਨੁ ਦੂਜਾ ਨਾਹੀ॥ ੧॥ ਬਾਬਾ ਬਿਖੁ ਦੇਖਿਆ ਸੰਸਾਰੁ॥ ਰਖਿਆ ਕਰਹੁ ਗੁਸਾਈ ਮੇਰੇ, ਮੈ ਨਾਮੁ ਤੇਰਾ ਆਧਾਰੁ॥ ੧॥ ਰਹਾਉ॥ ਜਾਣਹਿ ਬਿਰਥਾ ਸਭਾ ਮਨ ਕੀ, ਹੋਰ ਕਿਸੁ ਪਹਿ ਆਖਿ ਸੁਣਾਈਐ॥ ਵਿਣੁ ਨਾਵੈ ਸਭੁ ਜਗੁ ਬਉਰਾਇਆ, ਨਾਮੁ ਮਿਲੈ ਸੁਖੁ ਪਾਈਐ। ੨॥ ਕਿਆ ਕਰੀਐ ਕਿਸੁ ਆਖਿ ਸੁਣਾਈਐ, ਜਿ ਕਹਣਾ ਸੁ ਪ੍ਰਭ ਜੀ ਪਾਸਿ॥ ਸਭੁ ਕਿਛੁ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ॥ ੩॥ ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤੁ ਉਤੁ ਤੁਝਹਿ ਧਿਆਉ॥ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈ ਤਾਣੁ ਤੇਰਾ ਇਕੁ ਨਾਉ॥ ੪॥ ੭॥ ੪੬॥ (ਪੰ: ੩੮੨) ਇਸ ਸ਼ਬਦ ਦੇ ੪ ‘ਬੰਦ’ ਹਨ। ਹਰੇਕ ‘ਬੰਦ’ ਦੇ ਅਖ਼ੀਰ `ਤੇ ਉਸ ਦੀ ਗਿਣਤੀ ਦਾ ਅੰਕ ਹੈ ਅਤੇ ਇਸੇ ਤਰ੍ਹਾਂ ਸ਼ਬਦ ਦੀ ਸਮਾਪਤੀ `ਤੇ ਪਹਿਲਾਂ ਅੰਕ ੪ ਦਿੱਤਾ ਗਿਆ ਹੈ। ਇਹ ‘ਅੰਕ’ ਸ਼ਬਦ ਦੀ ਅੰਦਰਲੀ ਬਣਤਰ ਵਾਸਤੇ ਹੈ। ਦੂਜੇ ਅੰਕ ਹਨ, ਜੋ ਸ਼ਬਦਾਂ ਅਸ਼ਟਪਦੀਆਂ ਆਦਿਕ ਦੀ ਗਿਣਤੀ ਦਸਣ ਲਈ ਹੁੰਦੇ ਹਨ, ਜਿਵੇਂ ਇਸ ਸ਼ਬਦ `ਚ ਅੰਕ ੭ ਤੇ ੪੬। ਇਸ ਦਾ ਅਰਥ ਹੈ ਕਿ ਆਸਾ ਰਾਗ `ਚ ਇਥੋਂ ਤੀਕ ਗੁਰੂ ਅਰਜਨ ਸਾਹਿਬ ਦੇ ਕੁੱਲ ੪੬ ਸ਼ਬਦ ਆ ਚੁੱਕੇ ਹਨ। ਪਰ ਇਹ ਸ਼ਬਦ ਵਖ ਵਖ ‘ਘਰ’ `ਚ ਗਾਏ ਜਾਣ ਵਾਲੇ ਹਨ, ਇਸ ਲਈ ਇਨ੍ਹਾਂ ਦੇ ਸਿਰਲੇਖ `ਚ ਵੀ ਆਸਾ ਮਹਲਾ ੫ ਘਰੁ ੨, ਆਸਾ ਮਹਲਾ ੫ ਘਰੁ ੩, ਆਸਾ ਮਹਲਾ ੫ ਘਰੁ ੫, ਆਸਾ ਮਹਲਾ ੫ ਘਰੁ ੬। ਇਸ ਤਰ੍ਹਾਂ ਇਹ ਵੀ ਸੇਧ ਦਿੱਤੀ ਹੈ ਕਿ ਸਾਜ਼ਾਂ ਰਾਹੀਂ ਗਾਉਣ ਸਮੇਂ ਕਿਸ ਸ਼ਬਦ ਨੂੰ ਕਿਤਨੇ ਤਾਲਾਂ `ਤੇ ਗਾਉਣਾ ਹੈ।
ਹਰੇਕ ਗੁਰੂ ਵਿਅਕਤੀ ਦੀ ਅਸ਼ਟਪਦੀਆਂ ਆਦਿ ਦੀ ਗਿਣਤੀ ਵੱਖਰੀ ਭੀ ਦਿਤੀ ਹੈ। ਤੇ ਸਾਰੇ ਗੁਰੂ ਸਾਹਿਬਾਨ ਦੇ ਸ਼ਬਦ ਰਲਾ ਕੇ ਇਕੱਠਾ ਜੋੜ ਦੇਣ ਦਾ ਨਿਯਮ ਵੀ ਵਰਤਿਆ ਹੈ; ਜਿਵੇਂ ਸੋਰਠਿ ਮਹਲਾ ੧- (੧੨ ਸ਼ਬਦ), ਸੋਰਠਿ ਮਹਲਾ ੩ (੧੨ ਸ਼ਬਦ), ਸੋਰਠਿ ਮਹਲਾ ੪ (੯ ਸ਼ਬਦ), ਸੋਰਠਿ ਮਹਲਾ ੫ (੯੪ ਸ਼ਬਦ), ਸੋਰਠਿ ਮਹਲਾ ੯ (੧੨ ਸ਼ਬਦ) -ਇਸ ਤਰ੍ਹਾਂ ਅੰਤ `ਚ ਇਨ੍ਹਾਂ ਸਾਰੇ ਹੀ ਸ਼ਬਦਾਂ ਦਾ ਕੁਲ ਜੋੜ ੧੩੯ ਦਿੱਤਾ ਗਿਆ ਹੈ।