Gurubani Kive Ikattar Hoyi – Part-3 – 16-10-26

“ਮਿਲੇ ਪ੍ਰਤਖਿ ਗੁਸਾਈਆ” –ਇਥੇ ਇਹ ਧਿਆਨ ਕਰ ਲੈਣਾ ਵੀ ਜ਼ਰੂਰੀ ਹੈ ਕਿ ਇਹ ਸਾਰੇ ਭਗਤ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਇਸ ਜਗਤ `ਚ ਆਏ। ਇਸ ਤਰ੍ਹਾਂ ਇਨ੍ਹਾਂ ਪ੍ਰਵਾਣਤ ੧੫ ਭਗਤਾਂ `ਚੋਂ ਇੱਕ ਵੀ ਭਗਤ ਅਜੇਹਾ ਨਹੀਂ ਸੀ, ਜਿਸਦਾ ਸਰੀਰਕ ਤੌਰ `ਤੇ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ ਹੋਵੇ। ਇਹ ਸਾਰੇ ਭਗਤ ਜਮਾਂਦਰੂ ਤੌਰ `ਤੇ ਸਫ਼ਲ ਜੀਵਨ ਵਾਲੇ ਨਹੀਂ ਸਨ ਬਲਕਿ ਆਪਣੀ-ਆਪਣੀ ਭਗਤੀ ਭਾਵਨਾ ਅਤੇ ਘਾਲਣਾ ਕਰਕੇ ਜੀਵਨ ਦੀ ਇਸ ਇਲਾਹੀ ਅਵਸਥਾ ਨੂੰ ਪ੍ਰਾਪਤ ਹੋਏ ਸਨ। ਇਹੀ ਕਾਰਨ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ, ਗੁਰਦੇਵ ਨੇ ਇਨ੍ਹਾਂ ਸਾਰੇ ਭਗਤਾਂ ਨੂੰ ਆਪਣੀ ਛਾਤੀ ਨਾਲ ਲਗਾਇਆ ਅਤੇ ਬਰਾਬਰੀ ਵੀ ਦਿੱਤੀ। ਇਸੇ ਲਈ ਇਨ੍ਹਾਂ ਭਗਤਾਂ ਦੀਆਂ ਰਚਨਾਵਾਂ ਉਪਰ ਗੁਰਦੇਵ ਨੇ ਜੋ ਸਿਰਲੇਖ ਵੀ ਵਰਤਿਆ, ਉਹ ਹੈ ਬਾਣੀ ਭਗਤਾਂ ਕੀ। ਇਸਦੇ ਨਾਲ ਨਾਲ ਅਸਾਂ ਇਸ ਸਚਾਈ ਨੂੰ ਵੀ ਕਦੇ ਨਜ਼ਰੋਂ ਉਹਲੇ ਨਹੀਂ ਕਰਨਾ ਕਿ ਇਹ ਸਾਰੇ ਭਗਤ ਜਮਾਂਦਰੂ ਇਸ ਉੱਚੀ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਥੋੜਾ ਗੁਰਬਾਣੀ ਵਿਚਾਰ ਵਲ ਵਧੋ ਤਾਂ ਇਸ ਬਾਰੇ ਗੁਰਬਾਣੀ ਵਿਚੋਂ ਹੀ ਅਜੇਹੀਆਂ ਗਵਾਹੀਆਂ ਸਪਸ਼ਟ ਮਿਲ ਜਾਣਗੀਆਂ। ਆਓ ਦੇਖੀਏ ਤਾਂ ਸਹੀ ਕਿ ਇਸ ਵਿਸ਼ੇ `ਤੇ ਭਗਤ ਧੰਨਾ ਜੀ ਬਾਰੇ ਕੇਵਲ ਪੰਚਮ ਪਿਤਾ ਆਪ ਹੀ ਨਹੀਂ ਕਹਿ ਰਹੇ “ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ” (ਪੰ: ੪੮੮) ਬਲਕਿ ਭਗਤ ਧੰਨਾ ਜੀ ਖੁਦ ਆਪਣੀ ਬਾਣੀ `ਚ ਇਸ ਸਚਾਈ ਨੂੰ ਬਿਆਨਦੇ ਹਨ ਕਿ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ” (ਪੰ: ੪੮੭)। ਅਤੇ ਇਨ੍ਹਾਂ ਸੰਤ ਜਨਾ ਦਾ ਜ਼ਿਕਰ ਵੀ ਪੰਚਮ ਪਾਤਸ਼ਾਹ ਆਪ ਕਰਦੇ ਹਨ ਕਿ ਇਹ ਸੰਤ ਜਨ ਕੌਣ ਸਨ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ, ਹੋਇਓ ਲਾਖੀਣਾ॥  ੧ ॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ, ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ, ਭਇਓ ਗੁਨੀਯ ਗਹੀਰਾ॥  ੧ ॥ ਰਵਿਦਾਸੁ ਢੁਵੰਤਾ ਢੋਰ ਨੀਤਿ, ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ, ਹਰਿ ਦਰਸਨੁ ਪਾਇਆ॥  ੨ ॥ ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾਮਹਿ ਗਨਿਆ॥  ੩ ॥”ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ॥ ੪॥” (ਪੰ: ੪੮੮) ਭਾਵ ਕੇਵਲ ਧੰਨਾ ਹੀ ਨਹੀਂ ਬਲਕਿ ਨਾਮਦੇਵ, ਕਬੀਰ, ਰਵਿਦਾਸ, ਸੈਣ-ਇਹ ਸਾਰੇ ਆਰੰਭ ਤੋਂ ਤਾਂ ਭਗਤ ਨਹੀਂ ਸਨ ਬਲਕਿ ਇੱਕ ਦੂਜੇ ਦੀ ਸੰਗਤ `ਚ ਆ ਕੇ ਉਭਰੇ ਅਤੇ ਆਪਣੇ ਆਪਣੇ ਸਫ਼ਲ ਜੀਵਨ ਨੂੰ ਪ੍ਰਾਪਤ ਹੋਏ। ਇਹੀ ਕਾਰਨ ਹੈ ਕਿ ਭਗਤ-ਬਾਣੀ ਨੂੰ ਇਕਤ੍ਰ ਕਰਣ ਸਮੇਂ, ਜੇ ਕਰ ਕਿਸੇ ਜਾਂ ਕੁੱਝ ਭਗਤਾਂ ਦੀਆਂ ਰਚਨਾਵਾਂ ਉਨ੍ਹਾਂ ਦੇ ਸਫ਼ਲ ਜੀਵਨ ਤੋਂ ਪਹਿਲਾਂ ਦੀਆਂ ਹੈ ਵੀ ਸਨ ਤਾਂ ਉਹ ਪਾਤਸ਼ਾਹ ਨੇ ਪ੍ਰਵਾਣ ਨਹੀਂ ਕੀਤੀਆਂ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ `ਚ, ਇਨ੍ਹਾਂ ਭਗਤਾਂ ਦੀਆਂ ਕੇਵਲ ਉਹੀ ਰਚਨਾਵਾਂ ਪ੍ਰਵਾਣ ਹੋਈਆਂ ਜਿਹੜੀਆਂ ਇਨ੍ਹਾਂ ਦੇ ਸਫ਼ਲ ਜੀਵਨ ਨਾਲ ਸੰਬੰਧਤ ਸਨ।

You may also like these