Gurubani Kive Ikattar Hoyi – Part-4 – 17-10-26

ਗੁਰੂ ਸਾਹਿਬਾਨ ਦੀ ਬਾਣੀ ਕਿਵੇਂ ਇਕਤ੍ਰ ਹੋਈ? – ਪਹਿਲੇ ਪਾਤਸ਼ਾਹ ਨੇ ਆਪਣੀ ਬਾਣੀ, ਆਪ ਲਿਖੀ ਅਤੇ ਆਪ ਹੀ ਉਸਦੀ ਸੰਭਾਲ ਜਗਿਆਸੂਆਂ ਅਤੇ ਸਿੱਖ ਸੰਗਤਾਂ ਲਈ ਕੀਤੀ ਵੀ। ਉਪ੍ਰੰਤ ਦੂਜੇ ਪਾਤਸ਼ਾਹ ਨੂੰ ਗੁਰਗੱਦੀ ਸੋਂਪਣਾ ਸਮੇਂ, ਆਪ ਨੇ ਆਪਣੀ ਅਤੇ ਭਗਤਾਂ ਦੀ ਬਾਣੀ ਦਾ ਖਜ਼ਾਨਾ ਗੁਰੂ ਅੰਗਦ ਪਾਤਸ਼ਾਹ ਦੇ ਸਪੁਰਦ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਗੁਰਗੱਦੀ ਦੀ ਜ਼ਿਮੇਂਵਾਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਪਾਸ ਆਈ ਤਾਂ ਦੂਜੇ ਪਾਤਸ਼ਾਹ ਨੇ ਵੀ ਹੁਣ ਤੀਕ ਦਾ ਗੁਰਬਾਣੀ ਦਾ ਖਜ਼ਾਨਾ ਤੀਜੇ ਪਾਤਸ਼ਾਹ ਦੇ ਸਪੁਰਦ ਕਰ ਦਿੱਤਾ। ਇਸ ਖਜ਼ਾਨੇ `ਚ ਸਨ, ਪਹਿਲੇ ਪਾਤਸ਼ਾਹ ਤੋਂ ਪ੍ਰਾਪਤ ਬਾਣੀ, ਭਗਤਾਂ ਦੀ ਬਾਣੀ ਜੋ ਆਪ ਪਾਸ ਪਹਿਲੇ ਪਾਤਸ਼ਾਹ ਤੋਂ ਹੀ ਆਈ ਸੀ ਅਤੇ ਨਾਲ ਆਪਣੀ ਬਾਣੀ ਰਚਨਾ ਵੀ। ਇਸਤੋਂ ਬਾਅਦ ਜਦੋਂ ਤੀਜੇ ਪਾਤਸ਼ਾਹ ਨੇ ਗੁਰਗੱਦੀ ਦੀ ਸੇਵਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸੌਪੀ ਤਾਂ ਉਸ ਦਾ ਸਪਸ਼ਟ ਵੇਰਵਾ ਤਾਂ ਗੁਰਬਾਣੀ `ਚ ਵੀ ਇਸ ਤਰ੍ਹਾਂ ਆਇਆ ਹੈ। ਫ਼ੁਰਮਾਨ ਹੈ “ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ” (ਪੰ: ੯੨੩) ਅਰਥ ਹਨ “ਗੁਰੂ ਅਮਰਦਾਸ ਜੀ ਨੇ “ਸਚੁ ਨੀਸਾਣੁ ਜੀਉ” ਭਾਵ ਮਨੁੱਖ ਮਾਤ੍ਰ ਦੀ ਹਮੇਸ਼ਾਂ ਲਈ ਰਹਿਨੁਮਈ ਕਰਣ ਵਾਲੀ ਗੁਰਬਾਣੀ ਦੇ ਖਜ਼ਾਨੇ ਰਾਹੀਂ, ਸੋਢੀ ਕੁਲ ਦੇ ਰਾਮਦਾਸ ਜੀ ਨੂੰ ਗੁਰਿਆਈ ਦੀ ਜ਼ਿਮੇਂਵਾਰੀ (ਤਿਲਕ) ਬਖਸ਼ ਦਿੱਤਾ।

ਸਮਝਣ ਦਾ ਵਿਸ਼ਾ ਹੈ ਕਿ ਉਪ੍ਰੋਕਤ ਇਤਿਹਾਸਕ ਘਟਨਾ ਆਪਣੇ ਆਪ `ਚ ਇਸ ਗੱਲ ਦਾ ਵੀ ਸਬੂਤ ਹੈ ਕਿ ਜਦੋਂ ਗੁਰੂ ਤੀਜੇ ਪਾਤਸ਼ਾਹ ਨੇ, ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ੀ ਤਾਂ ਉਸ ਦਾ ਢੰਗ ਸੀ ਗੁਰਿਆਈ ਦੀ ਜ਼ਿਮੇਵਾਰੀ (ਤਿਲਕ) ਬਖਸ਼ਿਆ ਤਾਂ ਉਹ ਤਿਲਕ ਸੀ “ਗੁਰ ਸਬਦੁ ਸਚੁ ਨੀਸਾਣੁ ਜੀਉ”। ਸਪਸ਼ਟ ਹੋਇਆ ਕਿ ਕਿ ਜਦੋਂ ਦੂਜੇ ਪਾਤਸ਼ਾਹ ਵਲੋਂ ਤੀਜੇ ਪਾਤਸ਼ਾਹ ਨੂੰ ਗੁਰਗੱਦੀ ਦੀ ਸੌਪਣਾ ਹੋਈ ਸੀ ਤਾਂ ਉਸਦਾ ਢੰਗ ਵੀ-ਦੂਜੇ ਪਾਤਸ਼ਾਹ ਰਾਹੀਂ ਤੀਜੇ ਪਾਤਸ਼ਾਹ ਨੂੰ ਗੁਰਬਾਣੀ ਦਾ ਖਜ਼ਾਨਾ ਸੌਂਪਣਾ ਹੀ ਸੀ। ਉਪ੍ਰੰਤ ਇਹੀ ਗੁਰਿਆਈ ਦੀ ਜ਼ਿਮੇਂਵਾਰੀ ਜਦੋਂ ਪੰਜਵੇਂ ਪਾਤਸ਼ਾਹ ਕੋਲ ਪੁੱਜੀ ਤਾਂ ਉਸ ਬਾਰੇ ਗੁਰਬਾਣੀ ਵਿੱਚ ਹੀ ਪੰਜਵੇਂ ਪਾਤਸ਼ਾਹ ਆਪ ਬਖਸ਼ਿਸ਼ ਕਰਦੇ ਹਨ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥  ੧ ॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥  ੨ ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ” (ਪੰ: ੧੮੬) ਭਾਵ ਗੁਰੂ ਨਾਨਕ ਪਾਤਸ਼ਾਹ ਤੋਂ “ਪੀਊ ਦਾਦੇ ਕਾ” ਚਲਦੇ ਆ ਰਹੇ ਗੁਰਬਾਣੀ ਦਾ ਖਜ਼ਾਨਾ ਜਦੋਂ ਮੈਨੂੰ ਪ੍ਰਾਪਤ ਹੋਇਆ, ਫ਼ਿਰ ਇਸ ਇਲਾਹੀ (ਖਜ਼ਾਨੇ ਨੂੰ) ਜਦੋਂ ਮੈਂ ਖੋਲਿਆ ਤਾਂ ਮੇਰਾ ਮਨ ਪ੍ਰਭੂ ਪਿਆਰ ਨਾਲ ਹੀ ਭਿੱਜ ਗਿਆ। ਮੈਂਨੂੰ ਇਹ ਵੀ ਸਮਝ ਆ ਗਈ ਕਿ ਵਰਤ-ਵਰਤ ਕੇ ਵੀ ਇਹ ਖਜ਼ਾਨਾ ਕਦੇ ਨਾ ਮੁੱਕਣ ਵਾਲਾ ਹੈ। ਬਲਕਿ ਇਹ ਖਜ਼ਾਨਾ ਤਾਂ ਹਮੇਸ਼ਾਂ ਵੱਧਣ ਵਾਲਾ ਹੀ ਹੈ ਅਤੇ ਇਸ ਦੇ ਸਾਹਮਣੇ ਤਾਂ ਸੰਸਾਰ ਦੇ ਸਾਰੇ ਹੀਰੇ-ਜਵਾਹਰਾਤ ਵੀ ਤੁੱਛ ਅਤੇ ਫਿੱਕੇ ਹਨ।

 

You may also like these