Raam Simar Raam Simar Ehai Tere Kaaj Hai – 5-9-25

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਜੈਜਾਵੰਤੀ ਮਹਲਾ ੯ ॥

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥ ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥ ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥ ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥ ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥ {ਪੰਨਾ 1352}

ਅਰਥ: ਹੇ ਭਾਈ! ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ। ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ। ਹੇ ਭਾਈ! ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ। ਹੇ ਭਾਈ! ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ। ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ।1। ਰਹਾਉ।

ਹੇ ਭਾਈ! ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ (ਜਾਗ ਖੁਲ੍ਹਦਿਆਂ ਹੀ ਉਹ ਪਦਾਰਥ ਲੋਪ ਹੋ ਜਾਂਦੇ ਹਨ। ਦੱਸ,) ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ? (ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ।1।

ਹੇ ਭਾਈ! ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ। (ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ।2।1।

You may also like these