Teeja Padaav (Nabha) – 1-12-25

ਤੀਜਾ ਪੜਾ ਨਾਭਾ

ਅੰਬਾਲਾ ਤੋਂ ਚਲ ਕੇ ਭਾਈ ਜੈਤਾ ਦਾ ਅਗਲਾ ਪੜਾ ਪਿੰਡ ਨਾਭਾ ਸੀ। ਪਿੰਡ ਨਾਭਾ (ਰਾਜਪੁਰਾ ਤਹਿਸੀਲ, ਜਿਲਾ ਪਟਿਆਲਾ ਵਿਚ) ਚੰਡੀਗੜ ਤੋਂ ੧੫ ਕਿਲੋ ਮੀਟਰ ਦਖਣ ਵਲ, ਪਟਿਆਲਾ-ਚੰਡੀਗੜ ਰਾਜ ਮਾਰਗ ਉਪਰ ਸਥਿਤ ਹੈ। ਗੁਰਦੁਆਰਾ ਸੀਸ ਅਸਥਾਨ ਪਾਤਸ਼ਾਹੀ ਨੌਵੀਂ ਪਿੰਡ ਨਾਭਾ ਦੇ ਦੱਖਣ ਵਲ ਇਕ ਫਰਲਾਂਗ ਦੀ ਵਿਥ ਤੇ ਹੈ। ਇਥੇ ਭਾਈ ਜੈਤਾ ਗੁਰੂ ਜੀ ਦੇ ਸੀਸ ਨਾਲ ਇਕ ਰਾਤ ਰੁਕਿਆ ਸੀ।

ਪਿੰਡ ਨਾਭਾ ਵਿਚ ਇਕ ਮੁਸਲਮਾਨ ਦਰਵੇਸ਼ ਦਰਗਾਹੀ ਸ਼ਾਹ ਦੀ ਕੁਟੀਆ ਸੀ। ਸਥਾਨਕ ਰਵਾਇਤ ਅਨੁਸਾਰ ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਜਦੋਂ ਭਾਈ ਜੈਤਾ ਨੇ ਗੁਰੂ ਜੀ ਦਾ ਸੀਸ ਲਿਆਉਣ ਦਾ ਬਿਰਤਾਂਤ ਉਸਨੂੰ ਦਸਿਆ ਤਾਂ ਉਸ ਨੇ ਭਾਈ ਜੈਤਾ ਨੂੰ ਉਥੇ ਹੀ ਰਾਤ ਠਹਿਰਨ ਲਈ ਕਿਹਾ। ਦਰਗਾਹੀ ਸ਼ਾਹ ਨੇ ਭਾਈ ਜੈਤਾ ਨਾਲ ਰਾਤ ਭਰ ਜਾਗ ਕੇ ਪਹਿਰਾ ਦਿਤਾ ਤਾਕਿ ਸੀਸ ਨੂੰ ਕਿਸੇ ਪ੍ਰਕਾਰ ਦੀ ਹਾਨੀ ਨਾ ਪਹੁੰਚੇ। ਅਗਲੀ ਭਲਕ ਹੁੰਦਿਆਂ ਹੀ ਭਾਈ ਜੈਤਾ ਗੁਰੂ ਜੀ ਦਾ ਸੀਸ ਚੁਕ ਕੇ ਆਪਣੇ ਆਖ਼ਰੀ ਪੜਾ ਕੀਰਤਪੁਰ ਲਈ ਚਲ ਪਿਆ। ਭੰਗਾਣੀ ਦਾ ਯੁੱਧ ਜਿਤਣ ਮਗਰੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਵਾਪਸ ਪਰਤ ਰਹੇ ਸਨ ਤਾਂ ਆਪ ਸੰਮਤ ੧੭੪੫ ਬਿਕਰਮੀ (ਸੰਨ ੧੬੮੮) ਨੂੰ ਇਥੇ ਰੁਕੇ ਸਨ। ਦਰਗਾਹੀ ਸ਼ਾਹ ਜੋ ਹੁਣ ਕਾਫੀ ਵਡੇਰੀ ਉਮਰ ਦਾ ਹੋ ਗਿਆ ਸੀ, ਨੌਜੁਆਨ ਗੁਰੂ-ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਕੇ ਗੱਦ ਗੱਦ ਹੋ ਗਿਆ ਸੀ।

ਜਿੱਥੇ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਰਖਿਆ ਗਿਆ ਸੀ, ਪਹਿਲਾਂ ਉਥੇ ਇਕ ਕੱਚਾ ਥੜ੍ਹਾ ਹੋਇਆ ਕਰਦਾ ਸੀ। ਮਗਰੋਂ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਥੜੇ ਵਾਲੀ ਥਾਂ ਤੇ ਮੰਜੀ ਸਾਹਿਬ ਸਥਾਪਿਤ ਕਰਵਾ ਕੇ ਆਸ ਪਾਸ ਚਾਰ ਦੀਵਾਰੀ ਉਸਾਰ ਦਿਤੀ। ਹੁਣ ਇਸੇ ਥਾਂ ਤੇ ਖੂਬਸੂਰਤ ਗੁਰਦੁਆਰਾ ਸੀਸ ਅਸਥਾਨ ਪਾਤਸ਼ਾਹੀ ਨੌਵੀਂ ਸਥਾਪਿਤ ਹੈ।” ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਪ੍ਰਣ ਕਰਕੇ ਪੰਜਾਬ ਦੇ ਜ਼ਾਲਮ ਹਾਕਮਾਂ ਨੂੰ ਸੋਧਣ ਲਈ ਚਲਿਆ ਸੀ। ਇਸ ਅਸਥਾਨ ਤੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਮਹੀਨੇ ਦੀ ਹਰ ਸੰਗਰਾਂਦ ਵਾਲੇ ਦਿਨ ਵੀ ਬਹੁਤ ਸੰਗਤਾਂ ਜੁੜਦੀਆਂ ਹਨ।

 

You may also like these