History of the days after Guru Gobind Singh Ji left Anandpur Sahib – 3-1-26

ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ

ਭਾਗ-1 ੯ ਪੋਹ ਦੀ ਰਾਤ ਸੁੰਨਸਾਨ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣਦੀ, ਢੂੰਡਦੀ-ਲੱਭਦੀ ਇੱਕ ਬੀਬੀ ਫਿਰ ਰਹੀ ਸੀ। ਇਹਦਾ ਪਿੰਡ ਚਮਕੌਰ ਦੇ ਨੇੜੇ ਦੋ ਕਿ: ਮੀ: ਦੀ ਦੂਰੀ 'ਤੇ ਰਾਏਪੁਰ ਸੀ। ਸਤਿਗੁਰੂ ਜੀ ਗੜ੍ਹੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਦੀ ਲੰਘੇ ਨੇ ਤੇ ਜੰਡ ਸਾਹਿਬ ਹੁੰਦੇ ਹੋਏ ਮਾਛੀਵਾੜੇ ਜਾ ਪਹੁੰਚੇ। ਇਸ ਗੁਰਸਿੱਖੀ ਵਿੱਚ ਰੱਤੜੀ ਧੀ ਨੂੰ ਦਸਮ ਪਿਤਾ ਜੀ ਨੇ ਰੁਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖਸ਼ਿਆ। ਇਸਦੀ ਆਤਮਾ ਨੇ ਹੁਲਾਰਾ ਖਾਧਾ, ਇਹ ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕਰਨ ਏਥੇ ਅੱਧੀ ਰਾਤ ਨੂੰ ਆਣ ਸਿੰਘਾਂ ਦੀਆਂ ਦੇਹਾਂ ਨੂੰ ਢੂੰਡਦੀ ਹੈ। ਅੱਧੀ ਰਾਤ ਦੇ ਬਾਦ ਇਕ ਨਾਰਿ ਆਈ, ਦੀਵਾ ਹੱਥ ਤੇ ਭੇਸ ਤੁਰਕਾਨ ਵਾਲਾ। ਫਿਰਦੀ ਮਲਕੜੇ ਗੜ੍ਹੀ ਦੇ ਬਾਹਰ ਅੰਦਰ, ਲੋਥਾਂ ਵਿਚ ਝੁਕਦੀ ਕਰਦੀ ਢੂੰਡ ਭਾਲਾ। ਮੂੰਹ ਦੇਖਦੀ ਸਿਰੇ ਤੇ ਕੇਸ ਤੱਕੇ, ਸਿੱਖ ਹਾਣਦੀ ਚੁੱਕਦੀ ਆਪ ਬਾਲਾ। ਲੈਕੇ ਮਲਕੜੇ ਜਾਂਵਦੀ ਇਕ ਪਾਸੇ, ਰਖਦੀ ਹੇਠ ਉਪਰ ਅਤੇ ਨਾਲ ਨਾਲਾ। ਸ੍ਰੀ ਕਲਗੀਧਰ ਚਮਤਕਾਰ ਭਾਈ ਵੀਰ ਸਿੰਘ - ਪੰਨਾ ੧੦੧ ਉਸ ਨੇ ਤੁਰਕਾਂ ਵਾਲਾ ਭੇਸ ਵਟਾਇਆ ਹੋਇਆ ਹੈ ਤੇ ਇੱਕ ਦੀਵੇ ਦੀ ਲੋਅ ਨਾਲ ਸਿੰਘਾਂ ਦੇ ਸਰੀਰ ਪਛਾਣ ਇੱਕ ਥਾਂ ਇਕੱਠੇ ਕਰੀ ਜਾਂਦੀ ਹੈ। ਮੁਗਲਾਂ ਦੀਆਂ ਅਨੇਕਾਂ ਲਾਸ਼ਾਂ ਵਿੱਚੋਂ ਮਸੀਂ ਕਿਤੇ ਸਿੰਘਾਂ ਦੇ ਸਰੀਰਾਂ ਦੀ ਭਾਲ ਕਰਦੀ ਬੀਬੀ ਸ਼ਰਨ ਕੌਰ, ਧੰਨ ਕਲਗੀਆਂ ਵਾਲਾ, ਧੰਨ ਮੇਰਾ ਪਿਤਾ ਬਾਜਾਂ ਵਾਲਾ ਮੁੱਖੋਂ ਅਲਾਪ ਰਹੀ ਸੀ। ਇਹਨੇ ਸਖਤ ਮਿਹਨਤ ਕਰਕੇ ਦਸ-ਪੰਦਰਾਂ ਸਿੰਘਾਂ ਦੀਆਂ ਦੇਹਾਂ ਇਕੱਠੀਆਂ ਕੀਤੀਆਂ। ਸੇਵਾ ਕਰਦਿਆਂ ਇਹਦਾ ਆਪਣਾ ਸਰੀਰ ਥੱਕ-ਟੁੱਟ ਗਿਆ। ਬੀਬੀ ਨੇ ਇਹੋ ਸੋਚ ਕੇ ਕਿ ਕਿਤੇ ਦਿਨ ਨਾ ਚੜ੍ਹ ਜਾਵੇ ਉਸ ਤੋਂ ਪਹਿਲਾਂ ਸਸਕਾਰ ਕਰ ਦੇਵਾਂ, ਆਲੇ- ਦੁਆਲੇ ਤੋਂ ਪਾਥੀਆਂ, ਸਲਵਾੜ, ਕਾਹੀ ਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਕੀਰਤਨ ਸੋਹਿਲਾ ਪੜ੍ਹ ਅਰਦਾਸ ਕਰ ਲਾਬੂ ਲਾ ਦਿੱਤਾ। ਅੱਗ ਦੇ ਭਾਂਬੜ ਮਚ ਗਏ। ਮੁਗਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫਨਾਉਂਦੇ ਥੱਕੇ-ਹਾਰੇ ਬੇਸੁਰਤ ਸੁੱਤੇ ਹੋਏ ਸੀ, ਅੱਬੜਵਾਹੇ ਉੱਠੇ, ਅੱਗ ਦੀਆਂ ਲਾਟਾਂ ਦੇਖ ਭੈ-ਭੀਤ ਹੋ ਗਏ। ਬਹੁਤ ਦੇਰ ਤਾਂ ਨੇੜੇ ਹੀ ਨਾ ਆਏ। ਫਿਰ ਹੌਂਸਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਦੇਖ ਹੈਰਾਨ ਹੋ ਗਏ, ਪੁੱਛਿਆ ਕਿ ਤੂੰ ਕੌਣ ਏ? ਬੀਬੀ ਸ਼ਰਨ ਕੌਰ ਨੇ ਕਿਹਾ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਸਿੰਘਾਂ ਦਾ ਸਸਕਾਰ ਕਰ ਰਹੀਂ ਹਾਂ। ਉਸਨੇ ਬੇਖੌਫ ਉੱਤਰ ਦਿੱਤਾ। ਸਿਪਾਹੀਆਂ ਨੇ ਉਸਨੂੰ ਫੜਨਾ ਚਾਹਿਆ, ਬੀਬੀ ਨੇ ਤਲਵਾਰ ਧੂਹ ਕਈ ਪਾਰ ਬੁਲਾ ਦਿੱਤੇ। ਇਸ ਝੜਪ ਵਿੱਚ ਬੀਬੀ ਦੇ ਗਹਿਰਾ ਵਾਰ ਹੋਇਆ, ਉਹ ਡਿੱਗ ਪਈ, ਜਾਬਰ ਸਿਪਾਹੀਆਂ ਨੇ ਗੰਭੀਰ ਜਖਮੀ ਨੂੰ ਅੱਗ ਵਿੱਚ ਸੁੱਟ ਦਿੱਤਾ। ਬੀਬੀ ਸ਼ਰਨ ਕੌਰ ਆਪਣੀ ਜਾਨ ਦੀ ਬਾਜੀ ਲਾ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਵਿੱਚ ਅਭੇਦ ਹੋ ਗਈ। ਇਸ ਬੀਬੀ ਸ਼ਰਨ ਕੌਰ ਜੀ ਨੇ ੯ ਪੋਹ, ੧੭੬੧ ਬਿ: (੨੩ ਦਸੰਬਰ, ੧੭੦੪ ਈ:) ਨੂੰ ਕੱਚੀ ਗੜ੍ਹੀ ਦੇ ਸ਼ਹੀਦ ਸਿੰਘਾਂ ਦੇ ਸਸਕਾਰ ਕਰਨ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪਾਈ। ਭਾਈ ਰਾਮਾ ਤੇ ਤਿਲੋਕਾ ਸਰਹਿੰਦ ਹਾਲਾ (ਮਾਮਲਾ) ਦੇਣ ਗਏ ਤਾਂ ਇਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਹੈ। ਪੁੱਛਦੇ-ਪੁਛਾਉਂਦੇ ਚਮਕੌਰ ਜਾ ਅੱਪੜੇ, ਉੱਥੋਂ ਸਭ ਹਾਲਾਤ ਮਾਲੂਮ ਹੋਏ। ਸਿੰਘਾਂ ਤੇ ਗੁਰੂ ਪੁੱਤਰਾਂ ਦੀ ਸ਼ਹੀਦੀ ਬਾਰੇ ਸੁਣਿਆ, ਦਸਮ ਪਿਤਾ ਜੀ ਦੇ ਗੜ੍ਹੀ ਵਿੱਚੋਂ ਨਿਕਲ ਜਾਣ ਦੀਆਂ ਖਬਰਾਂ ਵੀ ਮਿਲੀਆਂ । ਮੁਗਲ ਸਿਪਾਹੀ ਆਪਣੇ ਸਿਪਾਹੀਆਂ ਨੂੰ ਦਫਨਾ ਰਹੇ ਨੇ, ਸਿੰਘਾਂ ਦੇ ਸਰੀਰ ਰੁਲਦੇ ਪਏ ਨੇ, ਇਹਨਾਂ ਨੂੰ ਇਹ ਸੁਣ ਬਹੁਤ ਦੁੱਖ ਹੋਇਆ। ਦੋਨੋ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਨ ਵਾਰ ਕੇ ਵੀ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਤੇ ਸਿੰਘਾਂ ਦੇ ਸਸਕਾਰ ਜਰੂਰ ਕਰਾਂਗੇ। ਆਪਣੇ ਕੱਪੜੇ ਪਾੜ, ਕੇਸ ਪਿੱਛੇ ਖਿਲਾਰ, ਸਰੀਰ ਨੂੰ ਗੰਦ-ਮੰਦ ਮਲ ਕੇ ਪਾਗਲ ਬਣ ਗਏ। ਸਾਰਾ ਦਿਨ ਚਮਕੌਰ ਦੀ ਗੜ੍ਹੀ ਦੇ ਆਲੇ-ਦੁਆਲੇ ਘੁੰਮਦੇ ਰਹੇ। ਮੁਗਲ ਸਿਪਾਹੀਆਂ ਵੀ ਇਨ੍ਹਾਂ ਨੂੰ ਪਾਗਲ ਸਮਝ ਕੁਝ ਨਾ ਕਿਹਾ। ਰਾਤ ਪਈ ਤਾਂ ਇਹ ਸ਼ਹੀਦਾਂ ਦੇ ਸਰੀਰ ਭਾਲਣ ਲੱਗ ਪਏ। ਛੇਤੀ ਹੀ ਇੱਕ ਅੰਗੀਠਾ ਮਿਲਿਆ, ਜਿਸ ਵਿੱਚ ਕਈ ਸਰੀਰ ਸਿੰਘਾਂ ਦੇ ਤੇ ਇੱਕ ਸਰੀਰ ਅੱਧ-ਸੜਿਆ ਹੋਇਆ ਸਿੱਖ ਬੀਬੀ ਦਾ ਸੀ। ਇਸ ਬੀਬੀ ਨੇ ਸਿੰਘਾਂ ਦਾ ਸਸਕਾਰ ਕਰਨ ਦਾ ਯਤਨ ਕੀਤਾ ਹੈ, ਸਿਪਾਹੀਆਂ ਨੇ ਇਸਨੂੰ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ। ਉਹ ਚਾਹੁੰਦੇ ਸੀ ਕਿ ਸਿੰਘਾਂ ਦੇ ਸਰੀਰਾਂ ਦੀ ਬੇਅਦਬੀ ਹੋਵੇ, ਡਰ ਕੇ ਲੋਕ ਗੁਰੂ ਦੇ ਸਿੱਖ ਨਾ ਬਣਨ, ਨਾ ਹੀ ਸਰਕਾਰ ਨਾਲ ਟੱਕਰ ਲੈਣ ਦੀ ਕੋਈ ਜ਼ੁਰਅਤ ਕਰੇ। ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋਇਆ ਦੇਖ ਭਾਈ ਰਾਮੇ ਤੇ ਭਾਈ ਤਿਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ। ਉਹ ਤਨੋ-ਮਨੋ ਸੇਵਾ ਵਿੱਚ ਜੁਟ ਗਏ। ਹੱਥਾਂ ਵਿੱਚ ਕੜਾ ਪਾਇਆ ਦੇਖ, ਸਿਰ 'ਤੇ ਕੇਸ ਅਤੇ ਤੇੜ ਕਛਹਿਰਾ ਹੋਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਕਿ ਇਹ ਸਿੰਘ ਦਾ ਸਰੀਰ ਹੀ ਹੈ। ਅਗਲਾ ਭਾਗ………

You may also like these