ਚਮਕੌਰ_ਦੀ_ਗੜ੍ਹੀ_ਦੇ_ਸ਼ਹੀਦਾਂ_ਦੇ_ਸਸਕਾਰ_ਕਿਵੇਂ_ਹੋਏ
#ਪੰਜਵੀਂ_ਰਾਤ
ਭਾਗ-3
ਦੋਨਾਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਲੱਗੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਦੀ ਸੁੰਦਰਤਾ ਨੂੰ ਸਾਰੀ ਕਚਿਹਰੀ ਦੇਖਣ ਲੱਗ ਪਈ। ਅਮੀਰ-ਵਜੀਰ, ਗੁਲਾਬ ਵਰਗੇ ਕੋਮਲ ਮੁਖੜਿਆਂ ਨੂੰ ਦੇਖਦੇ ਹੀ ਰਹਿ ਗਏ। ਕਚਿਹਰੀ ਵਿੱਚ ਵੜਦਿਆਂ ਹੀ ਦੋਨ੍ਹਾਂ ਨੇ ਉੱਚੀ ਅਵਾਜ ਵਿੱਚ ਕਿਹਾ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”। ਕੱਟੜਵਾਦੀ ਸੋਚ ਵਾਲੇ ਸੁਣਕੇ ਸੜ ਕੋਲੇ ਹੋ ਗਏ। ਨਵਾਬ ਵਜ਼ੀਰ ਖਾਂ ਅੰਦਰ ਹੀ ਅੰਦਰ ਰਿੱਝਣ ਲੱਗਾ। ਸੁੱਚਾ ਨੰਦ ਨੇ ਬੱਚਿਆਂ ਦੇ ਕੋਲ ਆਣ ਕੇ ਕਿਹਾ, ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ, ਏਥੇ ਇਹਨਾਂ ਦਾ ਹੀ ਹੁਕਮ ਚਲਦਾ ਹੈ। ਪਰ ਸਾਹਿਬਜ਼ਾਦਿਆਂ ਕਿਹਾ, ਅਸੀਂ ਆਪਣੇ ਪਿਤਾ ਵੱਲੋਂ ਬਖਸ਼ੀ ਹੋਈ ਫਤਹਿ ਹੀ ਬੁਲਾਵਾਂਗੇ, ਸਿਰ ਝੁਕਾ ਕੇ ਕਿਸੇ ਨੂੰ ਸਲਾਮ ਨਹੀਂ ਕਰਾਂਗੇ। ਬੱਚਿਆਂ ਨੂੰ ਕਿਹਾ ਜਿਸਦੀ ਫਤਹਿ ‘ਤੇ ਤੁਸੀਂ ਏਨਾ ਫਖਰ ਕਰਦੇ ਹੋ ਉਸ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਵਿੱਚ ਮਾਰ ਕੇ ਉਸਦਾ ਸੀਸ ਕੱਟ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ ਹੈ। ਸਾਹਿਬਜ਼ਾਦਿਆਂ ਨੇ ਕਿਹਾ, ਉਹਨਾਂ ਨੂੰ ਕੌਣ ਮਾਰ ਸਕਦਾ ਹੈ, ਲੋਕ- ਪ੍ਰਲੋਕ ਦੀ ਬਾਦਸ਼ਾਹੀ ਸਾਡੇ ਪਿਤਾ ਜੀ ਕੋਲ ਹੈ, ਉਹਨਾਂ ਨੂੰ ਕੋਈ ਵੀ ਮਾਰ ਨਹੀਂ ਸਕਦਾ। ਭਾਰੀ ਤੇ ਜੋਸ਼ ਭਰੇ ਜਵਾਬ ਸੁਣਕੇ ਸਾਰੀ ਕਚਿਹਰੀ ਦੇ ਲੋਕ ਬਹੁਤ ਹੈਰਾਨ ਹੋਏ ਤੇ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦਲੇਰੀ ਦੀਆਂ ਗੱਲਾਂ ਕਰਨ ਲੱਗ ਪਏ । ਕਈ ਕਹਿੰਦੇ ਇਹ ਬਾਪ ਵਰਗੇ ਹੀ ਨਿਡਰ ਨੇ, ਕਈ ਕਹਿਣ ਇਹਨਾਂ ਦੇ ਬਾਬੇ ਨੇ ਵੀ ਮਰਨਾ ਕਬੂਲ ਕਰ ਲਿਆ ਸੀ ਪਰ ਧਰਮ ਨਹੀਂ ਸੀ ਬਦਲਿਆ, ਇਹ ਵੀ ਇਸਲਾਮ ਕਬੂਲ ਨਹੀਂ ਕਰਨਗੇ। ਭਰੇ-ਪੀਤੇ ਵਜ਼ੀਰ ਖਾਂ ਨੇ ਨੀਤੀ ਤੋਂ ਕੰਮ ਲੈਂਦਿਆਂ ਪਿਆਰ ਨਾਲ ਇਸਲਾਮ ਕਬੂਲਣ ਲਈ ਕਿਹਾ। ਬਾਦਸ਼ਾਹੀ, ਜਗੀਰਾਂ, ਮਹਿਲ- ਮਾੜੀਆਂ ਤੇ ਧਨ-ਦੌਲਤਾਂ ਦੇ ਅਨੇਕਾਂ ਪ੍ਰਕਾਰ ਦੇ ਲਾਲਚ ਦਿੱਤੇ । ਉਹਨਾਂ ਨਿੱਕੀਆਂ ਪਰ ਮਹਾਨ ਸ਼ਖਸੀਅਤਾਂ ਨੂੰ ਕੋਈ ਵੀ ਲੋਭ-ਲਾਲਚ ਆਪਣੇ ਅਕੀਦੇ ਤੋਂ ਡੁਲਾ ਨਾ ਸਕਿਆ। ਗੁੱਸੇ ਵਿੱਚ ਆਏ ਹਾਕਮਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਝੰਜੋੜਿਆ ਤੇ ਸਖਤੀ ਨਾਲ ਇਸਲਾਮ ਕਬੂਲ ਕਰ ਲੈਣ ਲਈ ਕਿਹਾ। ਸਰੀਰਕ ਤੇ ਮਾਨਸਿਕ ਦਬਾਅ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਆਪਣੇ ਧਰਮ ਤੋਂ ਨਿਖੇੜ ਨਾ ਸਕਿਆ। ਗੁੱਸੇ ਵਿੱਚ ਆਏ ਵਜ਼ੀਰ ਖਾਂ ਨੇ ਹੁਕਮ ਦਿੱਤਾ ਕਿ ਬਿਨਾਂ ਕੱਪੜੇ ਤੇ ਬਿਨਾਂ ਭੋਜਨ ਦੇ ਇਹਨਾਂ ਨੂੰ ਵੀ ਠੰਡੇ ਬੁਰਜ ਵਿੱਚ ਡੱਕ ਕੇ ਕਿਸੇ ਨੂੰ ਵੀ ਮਿਲਣ ਨਾ ਦਿੱਤਾ ਜਾਵੇ, ਪਹਿਰਾ ਹੋਰ ਵੀ ਸਖਤ ਕਰ ਦੇਵੋ। ਪਾਪੀ ਦਾ ਇਹ ਹੁਕਮ ਪਾਪਾਂ ਨਾਲ ਭਰ ਚੁੱਕੀ ਬੇੜੀ ਵਿੱਚ ਹੋਰ ਭਾਰ ਪਾਉਣ ਦੇ ਤੁਲ ਸੀ।
ਦੁਪਹਿਰ ਦੇਰ ਦੇ ਗਏ ਮੁੜ ਵਾਪਸ ਨਹੀਂ ਸੀ ਆਏ, ਦਾਦੀ ਕਿਸੇ ਅਨਹੋਣੀ ਤੋਂ ਡਰਦੀ ਵਾਰ-ਵਾਰ ਬੁਰਜ ਦੀਆਂ ਪਾਉੜੀਆਂ ਵੱਲ ਤੱਕਦੀ ਰਹੀ। ਸਭ ਤੋਂ ਵੱਡੀ ਅਨਹੋਣੀ ਉਸ ਲਈ ਧਰਮ ਤੋਂ ਡਿੱਗ ਜਾਣਾ ਸੀ, ਇਹ ਸੋਚ ਦਾਦੀ ਦੇ ਹੌਲ ਪੈਣ ਲੱਗਦਾ। ਸਿਪਾਹੀ ਦੋਨਾਂ ਨੂੰ ਲੈ ਕੇ ਆ ਗਏ, ਦਾਦੀ ਮਾਂ ਨੇ ਅੱਗੇ ਹੋ ਕੇ ਨਿੱਕੀਆਂ ਜਿੰਦੜੀਆਂ ਨੂੰ ਆਪਣੀਆਂ ਬਾਹਵਾਂ ਵਿੱਚ ਲੈ ਲਿਆ। ਕਿੰਨੀ ਦੇਰ ਏਸੇ ਤਰ੍ਹਾਂ ਹੀ ਖੜੀ ਰਹੀ, ਮਾਸੂਮਾਂ ਨੂੰ ਨਾਲੋਂ ਲਾਹੁਣ ਨੂੰ ਚਿੱਤ ਹੀ ਨਾ ਕੀਤਾ। ਬਹੁਤ ਪਿਆਰ ਦੇ ਕੇ ਦਾਦੀ ਨੇ ਦਿਨ ਦਾ ਸਾਰਾ ਹਾਲ ਖੋਲ੍ਹ ਕੇ ਪੁੱਛਿਆ। ਦਾਦੀ ਮਾਂ ਦੀ ਗੋਦ ਵਿੱਚ ਬੈਠ ਕੇ ਪੋਤਿਆਂ ਨੇ ਸਾਰੇ ਦਿਨ ਦੀ ਬੀਤੀ ਇੱਕ-ਇੱਕ ਗੱਲ ਦਾਦੀ ਨੂੰ ਸੁਣਾ ਦਿੱਤੀ। ਉਹ ਸੁਣਕੇ ਬਹੁਤ ਖੁਸ਼ ਹੋਈ ਤੇ ਅੱਗੇ ਤੋਂ ਵੀ ਏਸੇ ਤਰ੍ਹਾਂ ਆਪਣੇ ਧਰਮ ਵਿੱਚ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਨੰਗੇ ਫਰਸ਼ ‘ਤੇ ਬੈਠੀ ਦਾਦੀ ਮਾਂ ਨੇ ਗੋਦੀ ਵਿੱਚ ਲਏ ਮਾਸੂਮਾਂ ਨੂੰ ਆਪਣੇ ਵੱਡੇ-ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸੋਹਿਲੇ ਸੁਣਾਏ। ਕਿਸੇ ਵੀ ਡਰਾਵੇ ਜਾਂ ਲਾਲਚ ਵਿੱਚ ਨਹੀਂ ਆਉਣਾ, ਇਹ ਰਾਜ-ਭਾਗ ਸਭ ਝੂਠੇ ਨੇ, ਗੁਰੂ ਨਾਨਕ ਦਾ ਘਰ ਹੀ ਸੱਚਾ ਹੈ, ਇਸ ਨਾਲ ਸਦਾ ਹੀ ਜੁੜੇ ਰਹਿਣਾ। ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨੂੰ ਲਾਜ ਨਹੀਂ ਲੱਗਣ ਦੇਣੀ। ਇਸ ਤਰ੍ਹਾਂ ਦੀਆਂ ਸਿਦਕ ਦੀਆਂ ਸਾਖੀਆਂ ਸੁਣਾਉਂਦੀ ਦਾਦੀ ਮਾਂ, ਨੰਨ੍ਹੀਆਂ ਜਾਨਾਂ ਦੇ ਸਿਰ ਆਪਣੀ ਗੋਦੀ ‘ਚ ਰੱਖਕੇ ਸਾਰੀ ਰਾਤ ਨਿੱਘ ਦੇਂਦੀ ਰਹੀ ਤਾਂ ਕਿ ਇਹਨਾਂ ਨੂੰ ਨੀਂਦ ਆ ਜਾਵੇ । ਮੇਰੇ ਕਲਗੀਧਰ ਜੀ ਦੇ ਲਾਡਲੇ ਛੋਟੇ ਪੁੱਤਰਾਂ ਤੇ ਬਿਰਧ ਮਾਤਾ ਜੀ ਨੇ ਅੱਤ ਠਰੀ ਹੋਈ ਰਾਤ ਚਾਰਾਂ ਪਾਸਿਆਂ ਤੋਂ ਆਉਂਦੀ ਹਵਾ ਵਿੱਚ, ਤਨ ਦੇ ਕੱਪੜਿਆਂ ਨਾਲ, ਬਿਨਾਂ ਕੁਝ ਛਕਿਆਂ ਭੁੰਜੇ ਨੰਗੇ ਫਰਸ਼ ‘ਤੇ ੧੧ ਪੋਹ, ੧੭੬੧ ਬਿ: (੨੫ ਦਸੰਬਰ, ੧੭੦੪ ਈ:) ਨੂੰ ਸਖਤ ਪਹਿਰੇ ਹੇਠ ਠੰਡੇ ਬੁਰਜ ਵਿੱਚ ਸਰਹਿੰਦ ਬਤੀਤ ਕੀਤੀ।
ਸੂਚਨਾ
ਪਿੰਡ ਨੌਗਾਵਾਂ ਤੇ ਬਸੀ ਪਠਾਣਾਂ ਦਾ ਵਿਸਥਾਰ ਏਸੇ ਪੁਸਤਕ ਦੇ ਅਧਿਆਇ ਦੂਜਾ ਵਿੱਚ ਪੜ੍ਹੋ ਜੀ।
ਸਰਹਿੰਦ ‘ਚ ਜਿਸ ਪਿੱਪਲ ਦੇ ਦਰੱਖਤ ਥੱਲੇ ਆਣ ਕੇ ਗੱਡਾ ਖੜਾ ਹੋਇਆ, ਏਥੇ ਗੁਰਦੁਆਰਾ ਰੱਥ ਸਾਹਿਬ ਨਿੱਕੀਆਂ ਇੱਟਾਂ ਦੀ ਚਾਰ ਦੀਵਾਰੀ ਦੇ ਵਿਚਕਾਰ ਥੜਾ ਸਾਹਿਬ ਬਣਿਆ ਹੋਇਆ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨੇੜੇ ਹੀ ਲਾਈਨ ਟੱਪ ਕੇ ਬੱਸੀ ਪਠਾਣਾਂ ਨੂੰ ਜਾਂਦੀ ਸੜਕ ਉੱਪਰ ਸਥਿਤ ਹੈ। ਇਸ ਦੇ ਆਲੇ- ਦੁਆਲੇ ਦੇ ਖੇਤ ਵਗਦੇ ਹਨ, ਕੋਈ ਰਸਤਾ ਨਹੀਂ ਹੈ। ਜਿਸਨੂੰ ਇਸ ਬਾਰੇ ਪਤਾ ਹੈ ਉਹ ਹੀ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਅਸਥਾਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਨੋਟ – ਸ਼੍ਰੋ: ਗੁ: ਪ੍ਰ: ਕ: ਸ੍ਰੀ ਅੰਮ੍ਰਿਤਸਰ ਨੇ ਗੁਰਦੁਆਰਾ ਰੱਥ ਸਾਹਿਬ ਦੀ ਨਵੀਂ ਉਸਾਰੀ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਤੋਂ ੨੦੦੫ ਈ: ਤੋਂ ਬਾਅਦ ਕਰਵਾ ਕੇ ਬਹੁਤ ਹੀ ਸ਼ਾਨਦਾਰ ਇਮਾਰਤ ਉਸਾਰ ਦਿੱਤੀ ਹੈ। ਇਸ ਨਵੀਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਪਿੱਛੇ ਹਟ ਕੇ ਪੁਰਾਤਨ ਗੁਰਦੁਆਰਾ ਰੱਥ ਸਾਹਿਬ ਦੀ ਇਮਾਰਤ ਸਧਾਰਨ ਹਾਲਾਤਾਂ ਵਿੱਚ ਹੈ। ਪਤਾ ਲੱਗਾ ਹੈ ਕਿ ਉਸ ਬਾਬਤ ਸ਼੍ਰੋ: ਗੁ: ਪ੍ਰ: ਕਮੇਟੀ ਦਾ ਕਿਸੇ ਸਿੱਖ ਸੰਸਥਾ ਨਾਲ ਕੇਸ ਚੱਲਦਾ ਹੈ।
ਅਗਲਾ ਭਾਗ………